by ankhiking » November 20th, 2009, 4:51 am
ਮੇਲਾ ਛਪਾਰ ਦਾ-ਛੇ ਕੁ ਦਹਾਕੇ ਪਹਿਲਾਂ
ਪ੍ਰੋ. ਪ੍ਰੀਤਮ ਸਿੰਘ ਗਰੇਵਾਲ - ਲੇਖ
ਦੇਸੀ ਮੱਕੀ, ਗੰਨੇ, ਕਪਾਹ, ਸਣ, ਚਰ੍ਹੀ, ਬਾਜਰੇ ਤੇ ਮਾਂਹ, ਮੋਠ, ਮਾੜ੍ਹੀ ਦੀਆਂ ਫਸਲਾਂ ਨਾਲ ਡੁਲ੍ਹ ਡੁਲ੍ਹ ਪੈਂਦੇ ਤੇ ਲਹਿ ਲਹਾਉਂਦੇ ਖੇਤ। ਨਾ ਜਲ-ਜੀਰਣੀ ਜੀਰੀ, ਨਾ ਪਲ ਪਲ ਪੱਲਾ ਮਾਰ ਕੇ ਦੀਵੇ ਬੁਝਾਉਂਦੀ ਬਿਜਲੀ, ਨਾ ਜ਼ਹਿਰੀਲੀ ਖਾਦ ਜਾਂ ਪੱਤ-ਛੜਕਾਈ। ਸਿੰਜਾਈ ਸਾਉਣ ਦੇ ਛਰਾਟਿਆਂ, ਨਹਿਰੀ ਪਾਣੀ ਜਾਂ ਟਿੰਡਾਂ ਗੇੜਦੇ, ਟਕ ਟਕ ਕਰਦੇ ਕੁੱਤੇ ਵਾਲੇ ਹਲਟ ਤੋਂ। ਪੌਣ ਪਾਣੀ ਦਾ ਪ੍ਰਦੂਸ਼ਣ ਭਲਾ ਕੀ ਹੁੰਦੈ?
ਸੁਨਹਿਰੀ ਧੁਪ ਅਤੇ ਸਵੱਛ ਪੌਣ ਦੀ ਛੁਹ ਮਾਣਦੇ ਹਰਿਆਲੇ ਖੇਤਾਂ ਚੋਂ ਲੰਘਦੇ ਰਾਹ-ਪਹੇ ਜਵਾਨਾਂ, ਬਜ਼ੁਰਗਾਂ ਤੇ ਬੱਚਿਆਂ ਦੀਆਂ ਢਾਣੀਆਂ ਲਈ ਤੰਗ ਹੋ ਗਏ ਲਗਦੇ ਨੇ। ਇਹਨਾਂ ਚਾਅ-ਮਲ੍ਹਾਰ ਬਿਖੇਰਦੀਆਂ ਵਹੀਰਾਂ ਦਾ ਰੁਖ ਪਿੰਡ ਛਪਾਰ (ਲੁਧਿਆਣਾ} ਦੇ ਬਾਹਰਵਾਰ ਸਥਾਪਤ ਗੁਗਾ ਪੀਰ ਦੀ ਮਾੜੀ ਵਲ ਹੈ। ਜਿਵੇਂ ਵਗਦੇ ਨਦੀ ਨਾਲਿਆਂ ਦਾ ਜਲ ਕਿਸੇ ਵਿਸ਼ਾਲ ਢਾਬ ਜਾਂ ਝੀਲ ਵਿੱਚ ਸਮਾ ਰਿਹਾ ਹੋਵੇ ਓਵੇਂ ਇਹ ਮਲਵਈ ਜਨ ਸਮੂਹ ਮਾੜੀ ਦੁਆਲੇ ਜੁੜਦੇ ਮੇਲੇ ਨੂੰ ਪਲ ਪਲ ਭਰੀ ਜਾਂਦਾ ਹੈ।
ਆਪਣੀ ਆਪਣੀ ਸ਼ਰਧਾ ਜਾਂ ਸੁਖ-ਮੰਨਤ ਮੁਤਾਬਕ ‘ਮਿੱਟੀ ਕੱਢਣ’ ਦੀ ਰਸਮ ਅਦਾ ਕਰ ਕੇ ਲੋਕੀਂ ਮੇਲੇ ਦਾ ਰੂਪ ਧਾਰਨ ਕਰੀ ਜਾਂਦੇ ਹਨ। ਦਿਨ ਢਲਦੇ ਨਾਲ ਹਜ਼ਾਰਾਂ ਮੇਲੀ ਮੇਲੇ ਦੇ ਜਾਦੂਈ ਅਸਰ ਥੱਲੇ ਬੋਲੀਆਂ ਪਾਉਣ ਵਾਲੀਆਂ ਗਭਰੂ ਟੋਲੀਆਂ ਮਗਰ ਲਗ ਤੁਰਦੇ ਹਨ ਜਾਂ ਲੋਕ-ਗਾਥਾਵਾਂ/ਪ੍ਰੇਮ-ਕਥਾਵਾਂ ਗਾ ਰਹੇ ਗਮੰਤ੍ਰੀਆਂ ਦੇ ‘ਖਾੜਿਆਂ ਵਿੱਚ ਗੱਦੇ ਵਰਗੀ ਰੇਤ ਉਪਰ ਮੰਤ੍ਰ-ਮੁਗਧ ਹੋ ਬੈਠਦੇ ਜਾਂਦੇ ਹਨ।
ਢੋਲ, ਢੋਲਕੀਆਂ, ਢੱਡਾਂ, ਚਿਮਟੇ, ਕਾਟੋ, ਸੱਪ, ਬੁਘਚੂ, ਅਲਗੋਜ਼ੇ, ਸਾਰੰਗੀ ਆਦਿ ਸਾਜ਼ਾਂ ਦੀਆਂ ਦਿਲਕਸ਼ ਲੋਕ-ਧੁਨੀਆਂ ਮੇਲੇ ਦੀਆਂ ਉਮਾਹ ਭਰੀਆਂ ਗਤੀਵਿਧੀਆਂ ਲਈ ਪਿਠਭੂਮੀ ਹੋ ਨਿਬੜਦੀਆਂ ਹਨ।
ਜਿਥੇ ਲੋਕ-ਇਕੱਠ, ਓਥੇ ਵੋਟ, ਜਿੱਥੇ ਵੋਟ ਓਥੇ ਰਾਜਨੀਤੀ। ਤਿੰਨ ਚਾਰ ਰਾਜਸੀ ਦਲਾਂ ਵਲੋਂ ਆਪਣੀ ਡੁਗਡੁਗੀ ਵਜਾਉਣ ਲਈ ਸਟੇਜਾਂ ਲਾਈਆ ਜਾਂਦੀਆਂ ਹਨ। ਕਿਤੋਂ ਕੀਰਤਨ, ਕਿਤੋਂ ਕਵੀਸ਼ਰੀ, ਢਾਡੀ ਵਾਰਾਂ, ਭਾਸ਼ਨ ਜਾਂ ਸ਼ਾਇਰੀ ਦੀਆਂ ਨਵੇਂ ਨਵੇਂ ਸ਼ੁਰੂ ਹੋਏ ‘ਲੌਡ-ਸਪੀਕ੍ਰਾਂ’ ਰਾਹੀਂ ਇੱਕ ਦੂਜੀ ਨਾਲ ਖਹਿੰਦੀਆਂ ਵਾਜਾਂ ਕੰਨੀਂ ਪੈਂਦੀਆਂ ਹਨ। ਮਿਸਾਲ ਲਈ- ਰਾਗੀ ਲਛਮਨ ਸਿੰਘ ਗੰਧ੍ਰਵ, ਢਾਡੀ ਰਾਮ ਸਿੰਘ (ਜਿਸਦੇ ਜਥੇ ਨੇ ਇਸ ਲੇਖਕ ਦੀ ਪੰਜਾਬ ਦੀ ਵੰਡ ਦੀ ਤ੍ਰਾਸਦੀ ਬਾਰੇ ਵੰਗਰ ਭਰੀ ਰਚਨਾ ‘ਮਿਠੀ ਨੀਂਦੇ ਸੌਣ ਦਾ ਨਹੀਂ ਰਿਹਾ ਜ਼ਮਾਨਾ; ਅੱਜ ਅਖੋਂ ਉਹਲੇ ਹੋ ਗਿਆ ਪੰਜਾ ਨਨਕਾਣਾ. .’ ਨੂੰ ਥਾਂ ਥਾਂ ਗਾਇਆ), ਧੰਨਾ ਸਿੰਘ ਗੁਲਸ਼ਨ, ‘ਲਲਕਾਰ’ ਦਾ ਕਰਤਾ, ਲਾਗਲੇ ਪਿੰਡ ਰਛੀਨ ਦਾ, ਨੌਜਵਾਨ ਕਵੀ ਜਰਨੈਲ ਸਿੰਘ ਅਰਸ਼ੀ ਆਦਿ ਹਾਜ਼ਰ ਹੁੰਦੇ। ਚੋਟੀ ਦੇ ਸਿਆਸੀ ਆਗੂ ਵੀ ਭਾਸ਼ਣ ਕਰਨ ਲਈ ਪਧਾਰਦੇ।
ਦੇਖਦੇ ਦੇਖਦੇ ਮੇਲਾਭੂਮੀ ਅਸਥਾਈ ਨਗਰ ਹੀ ਬਣ ਜਾਂਦੀ ਹੈ। ਨਿੱਕੀਆਂ ਹੱਟੀਆਂ, ਹੋਟਲ, ਹਲਵਾਈ, ਖੰਡ ਦੇ ਖਡੌਣੇ, ਛੋਟੀ ਮੋਟੀ ਸਰਕਸ, ਜਾਦੂ ਦੇ ਖੇਲ, ਗਵੱਈਆਂ ਦੇ ‘ਖਾੜੇ ਵਗੈਰਾ ਮੇਲੀਆਂ ਦੀ ਦਿਲਚਸਪੀ ਬਣ ਜਾਂਦੇ। ਤਾਂਬੇ ਦੇ ਪੈਸੇ ਤੇ ਆਨੇ ਦੇ ਸਿੱਕੇ ਹੀ ਬਹੁਤ ਕੁੱਝ ਖ੍ਰੀਦਣ ਦੀ ਸਮਰਥਾ ਰਖਦੇ। ਕਈ ‘ਸਿਆਣੇ ਬੰਦੇ’ ਤਾਂ ਦੇਸੀ ਘੀ ਤੇ ਸ਼ਕਰ ਨਾਲ ਕੁਟੀ ਚੂਰੀ ਪੱਲੇ ਬੰਨ੍ਹ ਲਿਆਉਂਦੇ, ਉਹੀ ਛਕ ਕੇ ਮੇਲੇ ਦਾ ਅਨੰਦ ਮਾਣਦੇ। ਮਿਲਾਵਟ ਤੇ ਕੀਟਾਣੂਆ ਤੋਂ ਰਹਿਤ ਭੋਜਨ।
ਕੁਝ ਦਿਲਚਸਪ ਗੱਲਾਂ ਮੇਲੇ ਬਾਰੇ ਮੇਰੇ ਜ਼ਿਹਨ ਚੋਂ ਉਭਰਦੀਆਂ ਹਨ। ਮੇਲੇ ਦੀ ਆਮਦ ਦੀ ਚਾਅ ਭਰੀ ਇੰਤਜ਼ਾਰ ਦਾ ਇਜ਼ਹਾਰ ਪਿੰਡ ਦੇ ਦੋ ਸਮਾਜ-ਸੇਵੀ ਬੰਦਿਆਂ ਦੇ ਕਿਰਦਾਰ ਤੋਂ ਆਪਮੁਹਾਰੇ ਹੁੰਦਾ। ਓਹਨਾਂ ਨੇ ਸਾਰਾ ਸਾਲ ਸਾਂਭ ਰਖੇ ਚਮੜੇ ਦੇ ਬੋਕੇ ਤੇ ਲੱਜਾਂ ਕੱਢ ਕੇ ਤਿਆਰੀ ਖਿਚ ਲੈਣੀ। ਮੇਲੇ ਨੂੰ ਜਾਂਦੇ ਰਾਹ ਲਾਗੇ ਲੱਗੇ ਖੂਹ ਜਾਂ ਖੂਹੀ ਤੇ ਜਾ ਡਟਣਾ। ਪਿਆਸੇ ਮੇਲੀਆਂ ਲਈ ਤਾਜ਼ਾ, ਸੀਤਲ ਜਲ ਬੋਕੇ ਨਾਲ ਖਿਚ ਕੇ ਖਿੜੇ ਮਥੇ ਉਹਨਾਂ ਦੇ ਬੁੱਕਾ ਵਿੱਚ ਪੀਣ ਲਈ ਪਾਈ ਜਾਣਾ।
ਕੇਵਲ 15-20 ਫੁਟ ਦੀ ਡੁੰਘਾਈ ਤੋਂ ਤ੍ਰੇਹ ਤ੍ਰਿਪਤ ਕਰਨ ਵਾਲਾ ਸਾਫ, ਸੀਤਲ, ਸੁਆਦਲਾ ਪਾਣੀ ਮਿਲ ਜਾਂਦਾ। ਕਿਸ ਨੂੰ ਲੋੜ ਕਿ ਕੋਕ, ਪੈਪਸੀ ਜਾਂ ਬੋਤਲ ਬੰਦ ਪਾਣੀ ਖ੍ਰੀਦਦਾ ਫਿਰੇ? ਸਬਮਰਸੀਬਲ ਭਲਾ ਕੀ ਬਲਾ ਹੋਈ?
ਮੇਲੇ ਵਿੱਚ ਇੱਕ ਥਾਂ ਅਜਿਹੀ ਹੁੰਦੀ ਜਿਸ ਨੂੰ ਮੇਰੇ ਪਿੰਡ ਦਾ ਹਰ ਮੇਲੀ ਲੋੜ ਅਨੁਸਾਰ ਪਨਾਹ ਲਈ ਵਰਤ ਸਕਦਾ - ਥਕਾਵਟ ਹੋਣ `ਤੇ ਲੱਕ ਸਿੱਧਾ ਕਰਨ ਲਈ, ਕਿਸੇ ਗੁਆਚੇ ਬੱਚੇ ਦੀ ਭਾਲ ਲਈ ਟਿਕਾਣਾ, ਮੀਂਹ ਕਣੀ ਤੋਂ ਸਿਰ-ਢਕਣ, ਕਦੀ ਲੁਕ ਛਿਪ ਕੇ ਘਰ ਦੀ ਕੱਢੀ ਦੀ ਘੁਟ ਲਾਉਣ ਲਈ। ਇਹ ਸੀ ਪਿੰਡ ਦੇ ਹਟਬਾਣੀਏ ਦੀ ਤਰਪਾਲ ਥੱਲੇ ਲਾਈ ਹੱਟੀ ਤੇ ਜਲੇਬੀਆਂ ਪਕੌੜਿਆਂ ਦੀ ਭੱਠੀ। ਇਹ ਖੁਲ੍ਹ-ਦਿਲਾ ਜੱਟਾਂ ਜਿਹਾ ਬਾਣੀਆ ਮੱਥੇ ਵੱਟ ਨਾ ਪਾਉਂਦਾ, ਵੱਟਕ ਪਖੋਂ ਵੀ ਬੇਪ੍ਰਵਾਹ! ਸੁਆਦਲੀਆ ਗੁੜ ਦੀਆਂ ਜਲੇਬੀਆਂ ਤਲਣ ਦਾ ਵੀ ਮਾਹਰ ਸੀ।
ਇਕੇਰਾਂ ਮੈ ਤੇ ਮੇਰਾ ਦੋਸਤ ਮੇਲੇ ਜਾਣਾ ਚਾਹੁੰਦੇ ਸਾਂ ਤਾਂ ਘਰਦਿਆਂ ਨੂੰ ਦਸ ਕੇ ਇੱਕ ਸਿਆਣੇ ਗੁਆਂਢੀ ਨਾਲ ਚਲੇ ਗਏ। ਅਹਿਮਦਗੜ੍ਹ ਰੇਲ-ਸਟੇਸ਼ਨ ਤੇ ਉਤਰ ਕੇ ਅਸੀ ਸਾਹਮਣੇ ਓਦੋਂ ਬਣੀਆਂ ਕੇਵਲ 4-5 ਦੁਕਾਨਾਂ ਵਲ ਗਏ ਕਿਉਂਕਿ ਸਾਡੇ ਸਾਥੀ ਨੇ ਆਪਣੀ ਪੱਗ ਨੂੰ ਮਾਇਆ ਲਵਾਉਂਣੀ ਸੀ। ਆਕੜੀ ਪੱਗ ਦਾ ਉਸ ਨੇ ਗਿੱਠ ਕੁ ਦਾ ਤੁਰਲਾ ਛੱਡ ਕੇ ਈ ਮੇਲੇ ਦੀ ਸ਼ਮੂਲੀਅਤ ਵਾਲਾ ਮੂਡ ਬਣਾ ਲਿਆ। ਇਸੇ ਖ਼ੁਸ਼ਗਵਾਰ ਮੂਡ ਨਾਲ ਉਸ ਨੇ ਸਾਨੂੰ ਮੇਲੇ ਵਿੱਚ ਖ਼ੂਬ ਘੁਮਾਇਆ। ਅਸੀਂ ਕੁੱਝ ਭਾਨ ਰੇਲ ਭਾੜੇ ਲਈ ਛਡ ਕੇ ਘਰੋਂ ਮਿਲੇ ਚਾਂਦੀ ਦੇ ਇੱਕ ਇਕ ਰੁਪਏ ਖਰਚ ਲਏ।
ਸ਼ਾਮ ਨੂੰ ਅਹਿਮਦਗੜ੍ਹੋਂ ਲੁਧਿਆਣੇ ਜਾਣ ਵਾਲੀ ਗੱਡੀ ਫੜ ਲਈ ਪਰ ਅਸੀਂ ਟਿਕਟਾਂ ਲੈਣ ਤੋਂ ਸੰਕੋਚ ਕੀਤਾ। ਅਥਾਹ ਭੀੜ ਨਾਲ ਰੇਲ ਦੇ ਡਬੇ ਤੂੜੇ ਪਏ ਸਨ। ਜਦੋਂ ਕਿਲਾ ਰਾਏਪੁਰ ਉਤਰੇ ਤਾਂ ਓਥੇ ਟਿਕਟਾਂ ਦੀ ਵਿਸ਼ੇਸ਼ ਚੈਕਿੰਗ ਹੋਵੇ। ਭਾਜੜ ਮਚ ਗਈ। ਸਾਨੂੰ ਸਾਡੇ ਨਾਲਦੇ ਨੇ ਸਟੇਸ਼ਨ ਦੁਅਲੇ ਬਣੀ ਨੋਕੀਲੇ ਲੋਹੇ ਦੀ ਵਾੜ ਉਪਰੋਂ ਟੱਪ ਕੇ ਨਿਕਲ ਜਾਣ ਨੂੰ ਕਿਹਾ। ਅਸੀਂ ਤਾਂ ਟਪੂਸੀਆਂ ਮਾਰ ਗਏ ਪਰ ਉਸਦਾ ਟੱਪਣ ਲਗੇ ਦਾ ਮੇਲੇ ਮੁਸਾਵਿਆਂ ਲਈ ਰਖਿਆ ਨਵਾਂ ਚਾਦਰਾ ਤਿਖੀਆਂ ਨੋਕਾਂ ਵਿੱਚ ਫਸ ਕੇ ਪਾਟ ਗਿਆ। ਸਾਨੂੰ ਇਸ ਗੱਲ ਦਾ ਦੁੱਖ ਹੋਇਆ ਕਿਉਂਕਿ ਉਸਨੇ ਸਾਡਾ ਮੇਲੇ ਵਿੱਚ ਸਾਥ ਨਿਭਾਇਆ ਸੀ। ਉਹ ਬੇਚਾਰਾ ਮੇਲੇ ਦੇ ਅਨੰਦ ਤੋਂ ਹਥ ਧੋ ਬੈਠਾ। ਗੰਨੇ ਦੀ ਥਾਂ ਭੇਲੀ ਜੁ ਦੇਣੀ ਪੈ ਗਈ।
ਅਸੀਂ ਆਪਣੇ ਖ੍ਰੀਦੇ ‘ਲਗੋਜੇ ਬਜਾਉਂਦੇ ਸੁਹਾਵਣੀ ਚੰਨ ਚਾਨਣੀ ਰਾਤ ਵਿੱਚ ਘਰੀਂ ਜਾ ਵੜੇ। ਭਲਕੇ ਸਕੂਲੀ ਦੋਸਤਾਂ ਨਾਲ ਮੇਲੇ ਦੇ ਤਜਰਬੇ ਸਾਂਝੇ ਕਰਨ ਦੇ ਸੁਪਨੇ ਸਿਰਜਦੇ ਸੌਂ ਗਏ ।