10:10 pm - Monday March 27, 2017

ਨੌਜਵਾਨਾਂ ਦਾ ਅੱਜ ਦੀ ਰਾਜਨੀਤੀ ਵਿੱਚ ਆਉਣਾ ਸਮੇਂ ਦੀ ਜ਼ਰੂਰਤ

youth-politics-indiaਦੇਸ਼ ਦੀ ਆਜ਼ਾਦੀ ਤੋਂ ਬਾਅਦ ਨੌਜਵਾਨ ਵਰਗ ਰਾਜਨੀਤੀ ਪ੍ਰਤੀ ਬਹੁਤ ਘੱਟ ਰੁੱਚੀ ਰੱਖਦਾ ਸੀ। ਸ਼ਾਇਦ ਇਹੀ ਵਜ੍ਹਾ ਹੋ ਸਕਦੀ ਹੈ ਅਜੋਕੇ ਸਮੇਂ ਦੇ ਦੇਸ਼ ਦੀ ਰਾਜਨੀਤਿਕ ਪੱਧਰ ਦੀ ।ਅਜਿਹਾ ਵੀ ਨਹੀਂ ਕਿ ਨੌਜਵਾਨਾਂ ਨੇ ਦੇਸ਼ ਪ੍ਰਤੀ ਆਪਣੀ ਜਿੰਮੇਵਾਰੀ ਨਹੀਂ ਨਿਭਾਈ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਨੌਜਵਾਨ ਵਰਗ ਹੀ ਸੀ ਜੋ ਦੇਸ਼ ਦੇ ਕ੍ਰਾਂਤੀਕਾਰੀ ਵਜੋਂ ਉੱਭਰ ਕੇ ਸਾਹਮਣੇ ਆਏ ।

ਉਸ ਸਮੇਂ ਨੌਜਵਾਨ ਸਮੇਂ ਦੇ ਮੁਤਾਬਿਕ ਆਪਣੇ ਜਜ਼ਬਾਤਾਂ ਨੂੰ ਕਾਬੂ ਰੱਖਣ ਵਿੱਚ ਬਹੁਤੇ ਸਫ਼ਲ ਨਹੀਂ ਹੋਏ। ਅਜਿਹਾ ਇਸ ਲਈ ਕਹਿ ਰਿਹਾ ਹਾਂ ਕਿ ਉਸ ਸਮੇਂ ਦੇ ਨੌਜਵਾਨਾਂ ਨੇ ਅੰਗਰੇਜ਼ਾਂ ਦਾ ਮੁਕਾਬਲਾ ਕਰਨ ਲਈ ਹਥਿਆਰਾਂ ਦਾ ਇਸਤੇਮਾਲ ਕੀਤਾ, ਕ੍ਰਾਂਤੀਕਾਰੀ ਬਣੇ । ਜਿਸ ਦਾ ਸਿੱਟਾ ਅੰਗਰੇਜ਼ੀ ਹਕੂਮਤ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਸੀ। ਨੌਜਵਾਨਾਂ ਨੇ ਹਥਿਆਰ ਚੁੱਕੇ ਸੀ ਦੇਸ਼ ਦੀ ਆਜ਼ਾਦੀ ਲਈ। ਪਰ ਉਹ ਰਾਜਨੀਤੀ ਨੂੰ ਨਾ ਸਮਝ ਸਕੇ ਜਿਸ ਕਾਰਨ ਉਸ ਸਮੇਂ ਉਨ੍ਹਾਂ ਨੂੰ ਅੱਤਵਾਦੀਆਂ ਦੇ ਰੂਪ ਵਿੱਚ ਪੇਸ਼ ਕੀਤਾ ਜਾਣ ਲੱਗ ਪਿਆ। ਇਸ ਵਿੱਚ ਅੰਗਰੇਜ਼ੀ ਹਕੂਮਤ ਦਾ ਸਾਥ ਉਸ ਸਮੇਂ ਦੇ ਆਪਣੇ ਹੀ ਦੇਸ਼ ਦੇ ਕਈ ਡੂੰਘੀ ਰਾਜਨੀਤਿਕ ਸੋਚ ਦੇ ਆਗੂ ਵੀ ਅੰਦਰੋ ਅੰਦਰੀ ਦੇਣ ਲੱਗ ਪਏ ਸਨ।

ਮਹਾਤਮਾ ਗਾਂਧੀ ਜੋ ਅਹਿੰਸਾਵਾਦੀ ਸਨ। ਅੰਗਰੇਜੀ ਸਰਕਾਰ ਵੀ ਉਨ੍ਹਾਂ ਦਾ ਆਦਰ ਸਨਮਾਨ ਕਰਦੀ ਸੀ। ਮਹਾਤਮਾ ਗਾਂਧੀ ਜੀ ਦੀ ਗੱਲ ਨੂੰ ਅੰਗਰੇਜ਼ ਬਹੁਤ ਗੰਭੀਰਤਾ ਨਾਲ ਲੈਂਦੇ ਸਨ। ਕਿਉਂਕਿ ਉਹ ਆਪਣੀਆਂ ਸ਼ਾਂਤੀਪੂਰਨ ਤਰੀਕੇ ਨਾਲ ਅੰਗਰੇਜਾਂ ਸਾਹਮਣੇ ਮੰਗਾਂ ਰੱਖ ਰਹੇ ਸਨ । ਗਾਂਧੀ ਜੀ ਅੰਗਰੇਜ਼ੀ ਬਾਖੂਬੀ ਜਾਣਦੇ ਸਨ ਅਤੇ ਅੰਗਰੇਜਾਂ ਨਾਲ ਗੱਲਬਾਤ ਅਕਸਰ ਕਰਦੇ ਰਹਿੰਦੇ ਸਨ । ਉਸੇਂ ਸਮੇਂ ਦੌਰਾਨ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਚੰਦਰ ਸ਼ੇਖਰ ਆਜ਼ਾਦ, ਸੁਖਦੇਵ, ਰਾਜਗੁਰੂ ਵਰਗੇ ਅਨੇਕਾਂ ਕ੍ਰਾਂਤੀਕਾਰੀ ਉੱਭਰ ਕੇ ਸਾਹਮਣੇ ਆਏ। ਕਿਉਂਕਿ ਭਗਤ ਸਿੰਘ ਵੀ ਪੜ੍ਹੇ ਲਿਖੇ ਅਤੇ ਅੰਗਰੇਜ਼ੀ ਵਿੱਚ ਮਹਾਰਤ ਰੱਖਣ ਕਰਕੇ ਨੌਜਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਵਿੱਚ ਕਾਮਯਾਬ ਹੋਏ। ਜਿਸਦਾ ਸਦਕਾ ਅਨੇਕਾਂ ਨੌਜਵਾਨਾਂ ਨੇ ਭਗਤ ਸਿੰਘ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਅਤੇ ਦੇਸ਼ ਵਿੱਚ ਇੱਕ ਤਰ੍ਹਾਂ ਦੀ ਲਹਿਰ ਜਿਹੀ ਸ਼ੁਰੂ ਹੋ ਗਈ। ਨੌਜਵਾਨਾਂ ਦਾ ਪ੍ਰਭਾਵ ਵਧਣ ਲੱਗ ਪਿਆ ਸੀ। ਜਵਾਨੀ ਦੇ ਜੋਸ਼ ਨੇ ਅੰਗਰੇਜ਼ਾਂ ਦਾ ਮੁਕਾਬਲਾ ਕਰਨ ਲਈ ਹਥਿਆਰ ਚੁੱਕੇ ਜੋ ਕਿ ਹਿੰਸਾ ਦਾ ਰਾਸਤਾ ਸੀ। ਹੁਣ ਇੱਥੇ ਦੇਸ਼ ਦੇ ਲੋਕ ਵੀ ਦੋ ਧੜਿਆਂ ਵਿੱਚ ਵੰਡੇ ਗਏ। ਇੱਕ ਪਾਸੇ ਮਹਾਤਮਾ ਗਾਂਧੀ ਜੋ ਪੂਰੀ ਤਰ੍ਹਾਂ ਅਹਿੰਸਾਵਾਦੀ ਸਨ ਅਤੇ ਦੂਸਰੇ ਪਾਸੇ ਭਗਤ ਸਿੰਘ ਵਰਗੇ ਅਨੇਕਾਂ ਨੌਜਵਾਨ ਜੋ ਸਮਝਦੇ ਸਨ ਕਿ ਆਜ਼ਾਦੀ ਲਈ ਹਥਿਆਰ ਚੁੱਕਣਾ ਜ਼ਰੂਰੀ ਹੈ। ਮਕਸਦ ਦੋਵਾਂ ਦਾ ਇੱਕ ਸੀ, ਸਿਰਫ ਆਜ਼ਾਦੀ, ਪਰ ਰਾਸਤੇ ਵੱਖ ਵੱਖ ਹੋ ਗਏ। ਨੌਜਵਾਨਾਂ ਨੇ ਜੋਸ਼ ਤੋਂ ਕੰਮ ਲਿਆ ਅਤੇ ਸਿਆਸਤਦਾਨਾਂ ਨੇ ਹੋਸ਼ ਤੋਂ । ਇਸੇ ਕਾਰਨ ਨੌਜਵਾਨਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ। ਆਖਿਰ ਦੇਸ਼ ਆਜ਼ਾਦ ਹੋਇਆ ।

ਜਿਸ ਤੋਂ ਬਾਅਦ ਦੇਸ਼ ਦੀ ਰਾਜਨੀਤੀ ਵਿੱਚ ਨੌਜਵਾਨਾਂ ਦੀ ਰੂਚੀ ਅਤੇ ਸ਼ਮੂਲੀਅਤ ਬਹੁਤ ਘੱਟ ਸੀ। ਕਿਉਂਕਿ ਆਜ਼ਾਦੀ ਤੋਂ ਬਾਅਦ ਭਗਤ ਸਿੰਘ ਵਰਗੇ ਕ੍ਰਾਂਤੀਕਾਰੀ ਆਗੂ ਨਹੀਂ ਰਹੇ ਜੋ ਨੌਜਵਾਨਾਂ ਦਾ ਮਾਰਗ ਦਰਸ਼ਨ ਕਰ ਸਕਣ। ਇਸ ਲਈ ਰਾਜਨੀਤੀ ਚਲਦੀ ਰਹੀ। ਕ੍ਰਾਂਤੀਕਾਰੀ ਲਹਿਰ ਖਤਮ ਹੋ ਗਈ। ਬਸ ਦੇਸ਼ ਦੀ ਜਨਤਾ ਇਸੇ ਜਸ਼ਨ ਵਿੱਚ ਰਹੀ ਕਿ ਦੇਸ਼ ਆਜ਼ਾਦ ਹੋ ਗਿਆ ਅਤੇ ਦੇਸ਼ ਵਿੱਚ ਹੁਣ ਸਾਡੀ ਸਰਕਾਰ ਬਣ ਗਈ ਹੈ। ਸਮਾਂ ਬੀਤਦਾ ਗਿਆ । ਸਰਕਾਰਾਂ ਕਈ ਵਾਰ ਬਦਲੀਆਂ। ਰਾਜਨੀਤੀ ਵਿੱਚ ਭ੍ਰਿਸ਼ਟਾਚਾਰੀ ਅਤੇ ਲਾਲਚ ਵੱਧਦਾ ਗਿਆ ਜਿਸ ਨਾਲ ਕਈ ਰਾਜਨੀਤਿਕ ਪਾਰਟੀਆਂ ਹੋਂਦ ਵਿੱਚ ਆਉਂਦੀਆਂ ਗਈਆਂ । ਸਮੇਂ ਦੇ ਨਾਲ ਨਾਲ ਆਜ਼ਾਦੀ ਦੀ ਖੁਮਾਰੀ ਜਦੋਂ ਜਨਤਾ ਦੇ ਦਿਮਾਗ ਵਿੱਚੋਂ ਨਿਕਲਦੀ ਗਈ, ਜਨਤਾ ਹੌਲੀ ਹੌਲੀ ਜਾਗਰੂਕ ਹੁੰਦੀ ਗਈ । ਦੇਸ਼ ਦੀ ਜਨਤਾ ਨੂੰ ਪਤਾ ਚਲਦਾ ਰਿਹਾ ਕਿ ਭ੍ਰਿਸ਼ਟਾਚਾਰੀ, ਬੇਰੁਜ਼ਗਾਰੀ, ਮਹਿੰਗਾਈ ਆਦਿ ਤੋਂ ਇਲਾਵਾ ਆਮ ਜਨਤਾ ਨਾਲ ਜੁੜੇ ਮੁੱਦਿਆਂ ਵੱਲ ਕਿਸੇ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ। ਲੋਕ ਇਸ ਦਾ ਹੱਲ ਕਰਨ ਲਈ ਇਲੈਕਸ਼ਨਾਂ ਵਿੱਚ ਕਦੇ ਕਿਸੇ ਪਾਰਟੀ ਤੋਂ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਦੇ ਰਹੇ ਅਤੇ ਕਦੇ ਕਿਸੇ ਪਾਰਟੀ ਤੋਂ। ਪਰ ਹਰ ਵਾਰ ਲੋਕਾਂ ਨੂੰ ਦੇਸ਼ ਦੀ ਜ਼ਿਆਦਾਤਰ ਜਨਤਾ ਨੂੰ ਨਿਰਾਸ਼ਾ ਦਾ ਹੀ ਸਾਹਮਣਾ ਕਰਨਾ ਪੈਂਦਾ। ਕਿਉਂ ? ਕਿਉਂਕਿ ਹੁਣ ਤਕਰੀਬਨ ਸਾਰੇ ਜਾਣਦੇ ਹੀ ਹਨ ਰਾਜਨੀਤੀ ਬਾਰੇ।

ਹੁਣ ਗੱਲ ਕਰਦੇ ਹਾਂ ਅੱਜ ਦੀ ! ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨੌਜਵਾਨ ਵਰਗ ਦਾ ਪਿਛਲੇ 34 ਸਾਲਾਂ ਤੋਂ ਰਾਜਨੀਤੀ ਵਿੱਚ ਰੂਚੀ ਦਾ ਅਚਨਚੇਤ ਵਾਧਾ ਹੋਇਆ ਹੈ। ਜੋ ਕਿ ਆਉਣ ਵਾਲੇ ਸਮੇਂ ਲਈ ਬਹੁਤ ਸ਼ੁਭ ਸੰਕੇਤ ਹੈ । ਇਸ ਦਾ ਪਤਾ ਸਾਨੂੰ ਅੱਜ ਸੋਸ਼ਲ ਮੀਡੀਆ ਤੋਂ ਵੀ ਲਗਦਾ ਹੈ, ਕਿਉਂਕਿ ਹੁਣ ਸੋਸ਼ਲ ਮੀਡੀਆ ਤੇ ਰਾਜਨੀਤਿਕ ਗਤੀਵਿਧੀਆਂ ਵਿੱਚ ਲੋਕ ਜ਼ਿਆਦਾ ਰੁਚੀ ਰੱਖਣ ਲੱਗ ਪਏ ਹਨ, ਜੋ ਕਿ ਪਹਿਲਾਂ ਸੋਸ਼ਲ ਮੀਡੀਆ ਤੇ ਅੱਜ ਤੋਂ 56 ਸਾਲ ਪਹਿਲਾਂ ਬਹੁਤ ਹੀ ਘੱਟ ਹੁੰਦੀ ਸੀ, ਅੱਜ ਦੇਸ਼ ਵਿੱਚ ਨੌਜਵਾਨ ਵਰਗ ਰਾਜਨੀਤੀ ਵਿੱਚ ਰੂਚੀ ਦੇ ਨਾਲ ਨਾਲ ਹਿੱਸਾ ਵੀ ਲੈਣ ਲੱਗ ਪਿਆ ਹੈ। ਇਸ ਲਈ ਇਹ ਬਹੁਤ ਜਰੂਰੀ ਹੋ ਗਿਆ ਹੈ ਕਿ ਨੌਜਵਾਨ ਵਰਗ ਨੂੰ ਆਪਣੇ ਪਿਛਲੇ ਰਾਜਨੀਤਿਕ ਇਤਿਹਾਸ ਨੂੰ ਘੋਖਣ ਦੀ ਜਰੂਰਤ ਹੈ ਜਿਸ ਨਾਲ ਉਹ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝ ਸਕੇ । ਵੈਸੇ ਅੱਜ ਦੇ ਸਮੇਂ ਵਿੱਚ ਦੇਸ਼ ਦਾ ਹਰ ਨਾਗਰਿਕ ਜਾਗਰੂਕ ਹੈ, ਉਸਨੂੰ ਸਹੀ ਅਤੇ ਗਲਤ ਦਾ ਪਤਾ ਹੈ। ਅਤੇ ਨੌਜਵਾਨ ਵਰਗ ਵੀ ਦੇਸ਼ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਇਸ ਲਈ ਸਮੇਂ ਦੀ ਜਰੂਰਤ ਹੈ ਕਿ ਨੌਜਵਾਨਾਂ ਨੂੰ ਦੇਸ਼ ਦੀ ਰਾਜਨੀਤੀ ਨੂੰ ਸਾਫ ਸੁਥਰਾ ਬਣਾਉਣ, ਚੰਗਾ ਅਕਸ, ਇਮਾਨਦਾਰੀ, ਪਾਰਦਰਸ਼ਿਤਾ ਬਣਾਉਣਾ, ਜਨਤਾ ਦੇ ਹਿੱਤਾਂ ਪ੍ਰਤੀ ਜਿੰਮੇਵਾਰੀਆਂ ਨੂੰ ਨਿਭਾਉਣ, ਭ੍ਰਿਸ਼ਟਾਚਾਰ, ਭਰੂਣ ਹੱਤਿਆ, ਬੇਰੋਜ਼ਗਾਰੀ ਅਤੇ ਹੋਰ ਵੀ ਅਨੇਕਾਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਵਿੱਚ ਅੱਗੇ ਆਉਣਾ ਚਾਹੀਦਾ ਹੈ। ਕਿਉਂਕਿ ਅਜਿਹੀਆਂ ਸਮੱਸਿਆਵਾਂ ਦਾ ਹੱਲ ਰਾਜਨੀਤੀ ਵਿੱਚ ਆ ਕੇ ਜ਼ਿਆਦਾ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਇਸ ਲਈ ਇਹ ਬਹੁਤਾ ਜਰੂਰੀ ਹੈ ਕਿ ਜੋਸ਼ ਦੇ ਨਾਲ ਨਾਲ ਹੋਸ਼ ਰੱਖਣਾ ਅਤਿ ਜਰੂਰੀ ਹੈ। ਕਿਉਂਕਿ ਹੁਣ ਹਥਿਆਰ ਚੁੱਕਣ ਦੀ ਵੀ ਜਰੂਰਤ ਨਹੀਂ ਹੈ। ਹੁਣ ਬਹੁਤ ਸਰਲ ਸਾਧਨ ਹਨ ਰਾਜਨੀਤੀ ਨੂੰ ਸਾਫ ਕਰਨ ਦੇ ।

ਸੋ ਅੰਤ ਵਿੱਚ ਮੇਰੀ ਅਪੀਲ ਏਹੀ ਹੈ ਕਿ ਨੌਜਵਾਨ ਵਰਗ ਨੂੰ ਆਪਣੇ ਨਿੱਜੀ ਕੰਮਾਂ ਕਾਰਾਂ, ਪੜ੍ਹਾਈਆਂ ਦੇ ਨਾਲ ਨਾਲ ਰਾਜਨੀਤੀ ਦਾ ਗਿਆਨ ਲੈਣਾ ਚਾਹੀਦਾ ਹੈ ਅਤੇ ਵੱਡੇ ਪੱਧਰ ਤੇ ਨੌਜਵਾਨਾਂ ਨੂੰ ਰਾਜਨੀਤੀ ਦਾ ਹਿੱਸਾ ਬਣਨਾ ਚਾਹੀਦਾ ਹੈ। (4962)

Filed in: General, Punjabi Articles
No results

No comments yet.

Leave a Reply