9:06 am - Sunday March 26, 2017

ਪੰਜਾਬੀ ਗਾਇਕੀ ਕਿੱਧਰ ਨੂੰ? – ਵਿਚਾਰ ਚਰਚਾ

Punjabi Music ਗਾਇਕ ਗੀਤਕਾਰ ਕਿਸੇ ਵੀ ਖਿੱਤੇ ਦੇ ਸੱਭਿਆਚਾਰ ਨੂੰ ਹੋਰਨਾਂ ਅੱਗੇ ਪੇਸ਼ ਕਰਨ ਵਾਲੇ ‘ਦੂਤ’ ਦਾ ਰੁਤਬਾ ਰੱਖਦੇ ਹਨ। ਪਰ ਜਿਸ ਦੌਰ ਵਿੱਚੋਂ ਅਜੋਕੀ ਗਾਇਕੀ ਗੀਤਕਾਰੀ ਗੁਜ਼ਰ ਰਹੀ ਹੈ, ਉਸਨੂੰ ਦੇਖ, ਸੁਣ, ਪੜ੍ਹ ਕੇ ਇਉਂ ਲਗਦੈ ਜਿਵੇਂ ਸੱਭਿਆਚਾਰ ਦੇ ਦੂਤ ਹੁਣ ਰੂਪ ਵਟਾ ਕੇ ‘ਸੱਭਿਆਚਾਰ ਦੇ ਭੂਤ’ ਬਣ ਗਏ ਹੋਣ। ਟੀ.ਵੀ. ਚੈੱਨਲਾਂ ਅਤੇ ਹੋਰ ਮੀਡੀਆ ਸਾਧਨਾਂ ਵੱਲੋਂ ‘ਮੰਡੀ ਦੀ ਮੰਗ’ ਦੇ ਬਹਾਨੇ ਨੂੰ ਆਧਾਰ ਬਣਾ ਕੇ ਅਜਿਹਾ ਗੰਦ ਮੰਦ ਸਾਡੇ ਸਭ ਦੇ ਘਰਾਂ ਤੱਕ ਖੁਦ ਪਹੁੰਚਾਉਣ ਦੀ ਕਸਮ ਖਾਧੀ ਹੋਈ ਲਗਦੀ ਹੈ।

ਸਰਕਾਰਾਂ ਆਪਣੇ ਫਰਜ਼ਾਂ ਤੋਂ ਮੁਨਕਰ ਹੋਈਆਂ ਜਾਪਦੀਆਂ ਹਨ। ਕਿੱਧਰੇ ਕੋਈ ਕਾਨੂੰਨ ਨਾਂ ਦੀ ਸ਼ੈਅ ਨਹੀਂ ਜੋ ਇਸ ਵਰਤਾਰੇ ਨੂੰ ਠੱਲ੍ਹ ਪਾ ਸਕੇ। ਸਾਡੇ ਪੈਰੀਂ ਵੱਜੇ ਕੰਡੇ ਕਿਸੇ ਹੋਰ ਨੇ ਕੱਢਣ ਨਹੀਂ ਆਉਣਾ ਸਗੋਂ ਸਾਨੂੰ ਖੁਦ ਨੂੰ ਹੀ ਇਸ ਵਰਤਾਰੇ ਖਿਲਾਫ ‘ਬੱਸ ਕਰੋ’ ਦੀ ਆਵਾਜ਼ ਬੁਲੰਦ ਕਰਨੀ ਪਵੇਗੀ। ਪੰਜਾਬੀ ਗਾਇਕੀ ਕਿੱਧਰ ਨੂੰ?.ਵਿਸ਼ੇ ਨਾਲ ਸੰਬੰਧਤ ਕੁਝ ਕੁ ਨਾਮਵਾਰ ਹਸਤੀਆਂ ਦੇ ਵਿਚਾਰ ਤੁਹਾਡੇ ਸਭ ਨਾਲ ਸਾਂਝੇ ਕਰਨ ਜਾ ਰਹੇ ਹਾਂ। ਆਓ ਜਾਣੋ ਕਿ ਇਸ ਵਰਤਾਰੇ ਬਾਰੇ ਇਹ ਰੌਸ਼ਨ ਦਿਮਾਗ ਕੀ ਸੋਚਦੇ ਹਨ?

ਮਨਦੀਪ ਖੁਰਮੀ ਹਿੰਮਤਪੁਰਾ

ਪ੍ਰਸਿੱਧ ਨੌਜ਼ਵਾਨ ਲਿਖਾਰੀ ਨਿੰਦਰ ਘੁਗਿਆਣਵੀ
ਅਸੀਂ ਸਾਰੇ ਦੋਸ਼ੀ ਹਾਂ। ਪਰ ਅਸੀਂ ਮੰਨਦੇ ਨਹੀਂ। ਦੁੱਖ ਇਹ ਕਿ ਅਸੀਂ ਵੰਡੇ ਪਏ ਹਾਂ। ਕੋਈ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਇਕ ਮਤ ਨਹੀਂ। ਅਸੀਂ ਆਪਣੇ ਮੂਲ ਨਾਲੋਂ ਟੁੱਟ ਚੁੱਕੇ ਹਾਂ। ਇਕ ਧੜਾ ਗੰਦ-ਮੰਦ ਦੀ ਵਕਾਲਤ ਕਰਨ ਲੱਗਿਆ ਹੋਇਆ, ਦੂਜਾ ਧੜਾ ਫ਼ਿਕਰ ਮੰਦ ਹੈ ਤੇ ਉਸਨੂੰ ਰੂੜੀਵਾਦੀ ਕਿਹਾ ਜਾ ਰਿਹਾ। ਮੀਡੀਆ ਦਾ ਸਭ ਤੋਂ ਵੱਡਾ ਰੋਲ ਹੈ ਇਸ ਵਿੱਚ। ਜਿਹੜਾ ਚੈਨਲ, ਸਵੇਰੇ ਸਾਨੂੰ ਜਿਹੜੀ ਥਾਲੀ ਵਿੱਚ ਕੀਰਤਨ ਪਰੋਸਦਾ ਹੈ, ਉਹੋ ਚੈਨਲ ਸਾਨੂੰ ਸ਼ਾਮ ਨੁੰ ਉਸੇ ਥਾਲੀ ਵਿੱਚ ਗੰਂਦ (ਨੰਗੀਆਂ ਕੁੜੀਆਂ ਦਾ ਨਾਚ) ਪਰੋਸਦਾ ਹੈ। ਸਭਿਆਚਾਰਕ ਸੰਸਥਾਵਾਂ, ਲੇਖਕ ਸਭਾਵਾਂ ਸਭ ਨਾਂ ਦੀਆਂ ਹੀ ਨੇ। ਇਸਤਰੀ ਜਗਰਤੀ ਮੰਚ ਵਾਲੀਆਂ ਬੀਬੀਆਂ ਲੱਚਰ ਗਾਇਕੀ ਵਿਰੁੱਧ ਲਾਮਬੰਦ ਹੋਈਆਂ ਤਾਂ ਕਿੰਨੇ ਕੁ ਲੋਕ ਜਾਂ ਸੰਥਥਾਵਾਂ ਹਨ, ਜਿਨਾਂ ਨੇ ਉਹਨਾਂ ਦੀ ਹਮਾਇਤੱ ਕੀਤੀ? ਸਭ ਮੂੰਹ ਵਿੱਚ ਘੁੰਗਣੀਆਂ ਪਾਈ ਦੇਖਦੇ ਰਹੇ ਹਨ। ਮੈਂ ਪਹਿਲਾਂ ਵੀ ਇਸ ਮੁੱਦੇ ਉਤੇ ਬੜਾ ਕੁਝ, ਬੜੀ ਵਾਰ ਕਹਿ ਲਿਖ ਚੱਕਿਆਂ ਹਾਂ।

ਪ੍ਰਸਿੱਧ ਗੀਤਕਾਰ ਅਮਰਦੀਪ ਗਿੱਲ
ਇਹ ਪੰਜਾਬੀ ਗਾਇਕ ਪਤਾ ਨਹੀਂ ਨਵੇਂ ਗੀਤਕਾਰਾਂ ਨੂੰ ਕਿਹੜੀ ” ਪਾੜਤ ” ਪੜਾ ਰਹੇ ਹਨ , ਮੀਨੂੰ ਸਿੰਘ ਦੀ ਐਲਬਮ ਸੁਣ ਕੇ ਮੈਂਨੂੰ ਜਿੰਨੇ ਵੀ ਨਵੇਂ ਗੀਤਕਾਰਾਂ ਦੇ ਫੋਨ ਆਉਂਦੇ ਹਨ ਉਨਾਂ ਚੋਂ ਬਹੁਤੇ ਇਹ ਪੁੱਛਦੇ ਹਨ ਕਿ ਭਾਅ ਜੀ ਮੀਨੂੰ ਸਿੰਘ ਗੀਤ ਰਿਕਾਰਡ ਕਰਵਾਉਣ ਦੇ ਕਿੰਨੇ ਪੈਸੇ ਲਵੇਗੀ ? ਜਦ ਮੈਂ ਕਹਿੰਨਾਂ ਕਿ ” ਪੈਸੇææਕਿਹੜੇ ਪੈਸੇ ? ਪੈਸੇ ਤਾਂ ਗਾਇਕ ਗੀਤਕਾਰ ਨੂੰ ਦਿੰਦਾ ਹੈææਬੱਸ ਗੀਤ ਵਧੀਆ ਤੇ ਸਾਡੇ ਪਸੰਦ ਦਾ ਹੋਣਾ ਚਾਹੀਦਾ ਹੈ ਵੀਰੇæææਤੁਹਾਨੂੰ ਕਿਸ ਨੇ ਕਹਿਤਾ ਕਿ ਗਾਇਕ ਪੈਸੇ ਲੈਂਦੇ ਨੇ ਗੀਤ ਰਿਕਾਰਡ ਕਰਵਾਉਣ ਦੇ ? ” ਤਾਂ ਉਹ ਨਵਾਂ ਗੀਤਕਾਰ ਕਹਿੰਦਾ ਹੈ ਕਿ ਬਾਈ ਜੀ ਅਸੀਂ ਤਾਂ ਜਿਸ ਵੀ ਗਾਇਕ ਨੂੰ ਫੋਨ ਕੀਤਾ ਉਸਨੇ ਇਹੋ ਕਿਹਾ ਸੀ ਕਿ ਦੱਸ ਹਜ਼ਾਰ ਲੱਗੂæææਪੰਦਰਾਂ ਹਜ਼ਾਰ ਲੱਗੂ !

ਇਹ ਸੁਣ ਕੇ ਮੈਂ ਸੋਚਾਂ ਵਿੱਚ ਪੈ ਜਾਨਾਂ ਹਾਂ ਕਿ ਸ਼ਾਇਦ ਮੈਂ ਗਲਤ ਖੇਤਰ ‘ਚ ਕੰਮ ਕਰ ਰਿਹਾ ਹਾਂ , ਜਾਂ ਮੈਂ ਪਾਗਲ ਹੋ ਗਿਆ ਹਾਂ , ਜਾਂ ਲੋਕ ਵੱਧ ਸਿਆਣੇ ਹੋ ਗਏ ਨੇæææਰੱਬ ਹੀ ਜਾਣੇ !

ਪ੍ਰਸਿੱਧ ਫਿਲਮੀ ਕਮੇਡੀਅਮਨ ਰਾਣਾ ਰਣਬੀਰ
ਇਸ ਵਰਤਾਰੇ ਲਈ ਬਿਮਾਰ ਮਾਨਸਿਕਤਾ ਵਾਲੇ ਗਾਇਕ ਤੇ ਗੀਤਕਾਰ ਵਧੇਰੇ ਜ਼ਿੰਮੇਵਾਰ ਹਨ ਜਿਹਨਾਂ ਨੂੰ ਵਹਿਮ ਹੈ ਕਿ ਲੋਕਾਂ ਦੀਆਂ ਧੀਆਂ ਭੈਣਾਂ ਦੀ ਕਲਪਨਾ ਕਰਕੇ ਜੋ ਮਰਜੀ ਲਿਖੀ ਜਾਵੋ, ਲੋਕ ਕੁਝ ਨਹੀਂ ਕਹਿਣਗੇ। ਪਰ ਉਹ ਇਹ ਭੁੱਲ ਰਹੇ ਹਨ ਕਿ ਇਸ ਅੱਗ ਦਾ ਸੇਕ ਇੱਕ ਨਾ ਇੱਕ ਦਿਨ ਉਹਨਾਂ ਦੇ ਘਰਾਂ ਤੱਕ ਵੀ ਪਹੁੰਚੇਗਾ। ਇਸ ਵਰਤਾਰੇ ਲਈ ਇਹ ਲੋਕ ਵੀ ਬਰਾਬਰ ਦੇ ਜ਼ਿੰਮੇਵਾਰ ਹਨ ਜਿਹਨਾਂ ਨੂੰ ਇਹ ਗੰਦ ਚੰਗਾ ਤਾਂ ਨਹੀਂ ਲੱਗ ਰਿਹਾ ਪਰ ਉਹ ਵਿਰੋਧ ਵਿੱਚ Ḕਚੱਲ ਹੋਊḔ ਕਹਿ ਕੇ ਜ਼ੁਬਾਨ ਵੀ ਨਹੀਂ ਖੋਲ੍ਹਦੇ। ਇਹਨਾਂ ਦੇ ਮੂੰਹਾਂ Ḕਤੇ ḔਛਿੱਕਲੀਆਂḔ ਚਾੜ੍ਹਨ ਲਈ ਲੋਕ ਏਕਤਾ ਦਾ ਹੋਣਾ ਅਤੀ ਜਰੂਰੀ ਹੈ।

ਸੰਜੀਦਾ ਗਾਇਕ ਗੁਰਬਖਸ਼ ਸ਼ੌਂਕੀ
ਗਾਇਕੀ ਦੇ ਨਾਂ ‘ਤੇ ਪਾਏ ਜਾ ਰਹੇ ਗੰਦ ਲਈ ਇਹੋ ਜਿਹੇ ਗੀਤ ਸੁਣਨ, ਦੇਖਣ ਵਾਲੇ ਅਤੇ ਮੀਡੀਆ ਵੀ ਬਰਾਬਰ ਦਾ ਜ਼ਿੰਮੇਵਾਰ ਹੈ। ਅੱਜ ਦੇ ਸਮੇਂ ਵਿੱਚ ਗਾਇਕੀ ਨਹੀਂ ਰਹੀ ਸਗੋਂ ਗਾਇਕੀ ਦੇ ਨਾਂ ‘ਤੇ ‘ਡਿੰਗਚਿਕ-ਡਿੰਗਚਿਕ’ ਹੀ ਹੋ ਰਹੀ ਹੈ। ਧੀਆਂ ਭੈਣਾਂ ਦੀ ਇੱਜ਼ਤ ਬਾਰੇ ਨਹੀਂ ਸੋਚਿਆ ਜਾ ਰਿਹਾ। ਕਿਸੇ ਗੀਤ ‘ਚ ਕੁੜੀ ਸ਼ਰੇਆਮ ਨਿੰਮ ਥੱਲੇ ਚਾਦਰਾ ਵਿਛਾ ਕੇ ਰੱਖਣ ਲਈ ਕਹਿ ਰਹੀ ਹੈ ਤੇ ਕਿਸੇ ਗੀਤ ‘ਚ ਆਪਣੇ ਮਾਂ ਪਿਓ ਨੂੰ ਦੁੱਧ ‘ਚ ਨੀਂਦ ਵਾਲੀਆਂ ਗੋਲੀਆਂ ਪਾ ਕੇ ਆਉਣ ਬਾਰੇ ਦੱਸ ਰਹੀ ਹੈ। ਕਿਸੇ ਗੀਤ ‘ਚ ਧੀਆਂ ਭੈਣਾਂ ਨੂੰ ਸੈਕੰਡ ਹੈਂਡ ਵਰਗੇ ਲਫ਼ਜ਼ ਵਰਤੇ ਜਾ ਰਹੇ ਹਨ। ਸ਼ਰਮ ਆਉਣੀ ਚਾਹੀਦੀ ਐ ਸਾਨੂੰ ਸਾਰਿਆਂ ਨੂੰ ਜੋ ਇਸ ਸਭ ਕੁਝ ਨੂੰ ਇਹ ਸਮਝ ਕੇ ਬੜ੍ਹਾਵਾ ਦੇ ਰਹੇ ਹਾਂ ਕਿ ਇਹ ਤਾਂ ਹੋਰ ਕਿਸੇ ਦੀ ਕੁੜੀ ਨੂੰ ਕਿਹਾ ਗਿਐ। ਨਹੀਂ ਵੀਰੋ! ਇਹ ਸਭ ਕੁਝ ਸਾਡੀਆਂ ਧੀਆਂ ਭੈਣਾਂ ‘ਤੇ ਵੀ ਲਾਗੂ ਹੁੰਦੈ। ਗਲਤ ਕਿਹਾ ਹੋਵੇ ਤਾਂ ਮਾਫੀ।

ਲੋਕ ਗਾਇਕ ਬਲਧੀਰ ਮਾਹਲਾ ਫਰੀਦਕੋਟ
ਪੰਜਾਬੀ ਗਾਇਕੀ ਇੱਕ ਸਮੁੰਦਰ ਵਰਗੀ ਹੈ ਜਿਸ ਵਿੱਚ ਪਰਿਵਾਰ ਵਿੱਚ ਬੈਠ ਕੇ ਸੁਣਿਆ ਜਾਣ ਵਾਲਾ ਅਥਾਹ ਭੰਡਾਰ ਪਿਆ ਹੈ ਗੀਤਾਂ ਦਾ। ਸਾਫ ਸੁਥਰਾ ਗਾਉਣ ਵਾਲਾ ਟੱਕਰਾਂ ਮਾਰ ਕੇ ਘਰ ਬੈਠ ਜਾਂਦਾ ਹੈ ਜਦੋਂਕਿ ਆਪਣੀਆਂ ਸਮਾਜਿਕ ਜਿੰਮੇਵਾਰੀਆਂ ਨੂੰ ਛਿੱਕੇ ਟੰਗ ਕੇ ਅਸਮਾਜਿਕ ਗੀਤਾਂ ਰਾਹੀਂ ਮੰਜ਼ਿਲ ‘ਤੇ ਪਹੁੰਚਣ ਦੇ ਚਾਹਵਾਨ ਪੰਜਾਬ ਦੇ ਮਨਮੋਹਣੇ ਸੱਭਿਆਚਾਰ ਨੂੰ ਗੰਧਾਲ-ਚਾਲ ਵਿੱਚ ਪਾਈ ਫਿਰਦੇ ਹਨ। ਸਿਰਫ ਇਹੀ ਕਹਾਂਗਾ ਕਿ ਇੱਕ ਕਲਾਕਾਰ ਲਈ ਪੈਸਾ ਵੀ ਸਭ ਕੁਝ ਨਹੀਂ ਹੁੰਦਾ ਸਗੋਂ ਪਰਿਵਾਰਕ ਰਿਸ਼ਤੇ ਵੀ ਅਹਿਮੀਅਤ ਰੱਖਦੇ ਹਨ। ਸਿਰਫ ਸ਼ੋਹਰਤ ਤੇ ਪੈਸਾ ਕਮਾਉਣ ਦੇ ਚਾਹਵਾਨ ਵੀਰਾਂ ਕੋਲ ਉਸ ਦਿਨ ਕੀ ਜਵਾਬ ਹੋਵੇਗਾ ਜਦ ਉਹਨਾਂ ਦੀਆਂ ਗੀਤਾਂ ਰਾਹੀਂ ਲੋਕਾਂ ਦੇ ਜਵਾਕਾਂ ਨੂੰ ਦਿੱਤੀਆਂ ਅਸੱਭਿਅਕ ਮੱਤਾਂ ‘ਤੇ ਖੁਦ ਦੇ ਬੱਚੇ ਅਮਲ ਕਰ ਰਹੇ ਹੋਏ? ਬੇਨਤੀ ਕਰਾਂਗਾ ਕਿ ਅਜੇ ਵੀ ਵੇਲਾ ਹੈ ਵਾਪਸ ਮੁੜੋ ਅਜਿਹੇ ਰਾਹ ਤੋਂ, ਜਿਸ ਉੱਪਰ ਤੁਰਿਆਂ ਬਾਦ ਵਿੱਚ ਗੋਡਿਆਂ ‘ਚ ਮੂੰਹ ਦੇ ਕੇ ਰੋਣਾ ਪਵੇ।

ਪ੍ਰਸਿੱਧ ਭੰਗੜਾ ਕਲਾਕਾਰ ਮਨਿੰਦਰ ਮੋਗਾ
ਗਾਇਕੀ ਰੂਹ ਨੂੰ ਸਕੂਨ ਦੇਣ ਦਾ ਸਾਧਨ ਹੋਣ ਦੀ ਬਜਾਏ ਰੂਹਾਂ ਨੂੰ ਪੱਛਣ ਦੇ ਰਾਹ ਤੁਰੀ ਹੋਈ ਹੈ। ਗਵੱਈਏ ਕਿਸੇ ਵੀ ਖਿੱਤੇ ਦੇ ਲੋਕਾਂ ਦੇ ਨੁਮਾਇੰਦੇ ਹੁੰਦੇ ਹਨ। ਉਹਨਾਂ ਕੁਝ ਕੁ ਲੋਕਾਂ ਨੂੰ ਕੀ ਕਹਾ ਜਾਵੇ ਜੋ ਪੈਸੇ ਲਈ ਆਪਣੇ ਜੁਆਕਾਂ ਦੇ ਵੀ ਰਾਹਾਂ ‘ਚ ਕੰਡੇ ਬੀਜ ਰਹੇ ਹਨ? ਗੀਤਾਂ ‘ਚ ਨਸ਼ਿਆਂ, ਹਥਿਆਰਾਂ ਜਾਂ ਘਟੀਆ ਸ਼ਬਦਾਵਲੀ ਦੀ ਵਰਤੋਂ ਕਰਕੇ ਕਿਹੜੇ ਸੱਭਿਆਚਾਰ ਦੀ ਸੇਵਾ ਕੀਤੀ ਜਾ ਰਹੀ ਹੈ। ਪ੍ਰਮਾਤਮਾ ਦੀ ਬੰਦਗੀ ਵਰਗਾ ਇਹ ਕਿੱਤਾ ਜੁਗਾੜੂ ਗਾਇਕਾਂ ਕਰਕੇ ਗੰਦਗੀ ਦਾ ਢੇਰ ਬਣਦਾ ਜਾ ਰਿਹਾ ਹੈ। ਜੇ ਗਾਇਕ ਇਸ ਰਾਹੋਂ ਵਾਪਸ ਨਾ ਮੁੜੇ ਤਾਂ ਆਉਣ ਵਾਲੀਆਂ ਨਸਲਾਂ ਦੀ ਮਾਨਸਿਕ ਨਿਪੁੰਸਕਤਾ ਦਾ ਦੋਸ਼ ਇਹਨਾਂ ਸਿਰ ਹੀ ਲੱਗੇਗਾ।

ਗੁਰਤੀਰਥ ਸਿੰਘ ਪਾਸਲਾ (ਰੇਡੀਓ ਦਿਲ ਆਪਣਾ ਪੰਜਾਬੀ)
ਅਸੀਂ ਰੇਡੀਓ ਦਿਲ ਆਪਣਾ ਪੰਜਾਬੀ ਰਾਹੀਂ ਨੌਜ਼ਵਾਨੀ ਨੂੰ ਕੁਰਾਹੇ ਪਾ ਰਹੇ ਗਾਇਕਾਂ ਖਿਲਾਫ ਮੁਹਿੰਮ ਵਿੱਢੀ ਹੋਈ ਹੈ। ਜਿਸ ਵੀ ਗਾਇਕ ਵੱਲੋਂ ਕੋਈ ਬੇਹੂਦਗੀ ਕੀਤੀ ਜਾਂਦੀ ਹੈ ਤਾਂ ਉਸ ਗਾਇਕ ਨੂੰ ਫੋਨ ਰਾਹੀਂ ਸ਼ਰੋਤਿਆਂ ਦੀ ਕਚਿਹਰੀ ‘ਚ ਸਵਾਲ ਜਵਾਬ ਕੀਤੇ ਜਾਂਦੇ ਹਨ। ਪਿਛਲੇ ਸਮੇਂ ‘ਚ ਸ੍ਰੋਤਿਆਂ ਦੇ ਸਹਿਯੋਗ ਨਾਲ ਹੀ ਪੋਸਟਰ ਮੁਹਿੰਮ ਵੀ ਵਿੱਢੀ ਗਈ ਸੀ ਜਿਸ ਰਾਹੀਂ ਇਹਨਾਂ ਖਰੂਦਪਾਊ ਗਾਇਕਾਂ ਦੀ ਅਸਲੀਅਤ ਲੋਕਾਂ ਸਾਹਮਣੇ ਲਿਜਾਣ ‘ਚ ਅਸੀਂ ਬਹੁਤ ਹੱਦ ਤੱਕ ਸਫਲ ਹੋਏ ਹਾਂ। ਬੇਸ਼ੱਕ ਇਹ ਗਾਇਕ ਵੀ ਸਾਡੇ ਹੀ ਭੈਣ ਭਰਾ ਹਨ ਪਰ ਉਹਨਾਂ ਨਾਲ ਸਵਾਲ ਜਵਾਬ ਕਰਨਾ ਵੀ ਸਾਡਾ ਹੱਕ ਬਣਦਾ ਹੈ। ਉਹਨਾਂ ਵੱਲੋਂ ਪਾਏ ਜਾਂਦੇ ਗੰਦ ਨੂੰ ਸੁਣ ਕੇ ਮੂੰਹ ਪਾਸੇ ਕਰ ਲੈਣਾ ਵੀ ਸਮੱਸਿਆ ਦਾ ਹੱਲ ਨਹੀਂ ਸਗੋਂ ਉਹਨਾਂ ਨੂੰ ਆਪਣੀ ਅਸਹਿਮਤੀ ਦਾ ਪ੍ਰਗਟਾਵਾ ਵੀ ਜਰੂਰ ਕਰਨਾ ਬਣਦਾ ਹੈ। ਜਦੋਂ ਵੀ ਕਿਸੇ ਗਾਇਕ ਗੀਤਕਾਰ ਨੂੰ ਕਿਸੇ ਰੇਡੀਓ ਟੈਲੀਵਿਜ਼ਨ ‘ਤੇ ਲਾਈਵ ਦੇਖਦੇ ਹਾਂ ਤਾਂ ਆਪਣਾ ਫਰਜ਼ ਸਮਝਦੇ ਹੋਏ ਜਨਤਾ ਦੀ ਕਚਹਿਰੀ ‘ਚ ਆਪਣਾ ਸਵਾਲ ਜਰੂਰ ਕਰੋ। ਮੇਰੇ ਖਿਆਲ ਅਨੁਸਾਰ ਸਾਡੀ ਚੁੱਪ ਹੀ ਅਜਿਹੇ ਅਨਸਰਾਂ ਦੇ ਹੌਸਲੇ ਵਧਾ ਰਹੀ ਹੈ ਜਿਹਨਾਂ ਨੇ ਪੰਜਾਬੀ ਸੱਭਿਆਚਾਰ ਨੂੰ ਨੇਸਤੋ-ਨਾਬੂਤ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਜੇ ਅਸੀਂ ਸਚਮੁੱਚ ਹੀ ਇਸ ਸਮੱਸਿਆ ਪ੍ਰਤੀ ਗੰਭੀਰ ਹਾਂ ਤਾਂ ਇਸ ਬੀਮਾਰੀ ਦੀ ਹੋਰ ਵਧਣ ਦੀ ਉਡੀਕ ਕਰਨ ਨਾਲੋਂ ਹੁਣੇ ਹੀ ਇਲਾਜ਼ ਪ੍ਰਤੀ ਗੰਭੀਰ ਹੋਣਾ ਪਵੇਗਾ।

ਪ੍ਰਸਿੱਧ ਲੋਕ ਗਾਇਕਾ ਸੁੱਖੀ ਬਰਾੜ
ਗਾਇਕੀ ਇੱਕ ਅਜਿਹਾ ਵਿਸ਼ਾਲ ਖੇਤਰ ਹੈ ਜਿਸ ਰਾਹੀਂ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਧਿਆਨ ‘ਚ ਰੱਖਦਿਆਂ ਉਸਾਰੂ ਸੁਨੇਹੇ ਵੀ ਦਿੱਤੇ ਜਾ ਸਕਦੇ ਹਨ। ਪਰ ਪਿਛਲੇ ਕੁਝ ਕੁ ਸਮੇਂ ਤੋਂ ਗਾਇਕੀ ਦੇ ਨਾਂ ‘ਤੇ ਪੈ ਰਹੀ ਕਾਵਾਂਰੌਲੀ ਮਨ ਨੂੰ ਉਦਾਸ ਕਰਦੀ ਹੈ। ਗਾਇਕੀ ਨੂੰ ਸਿਰਫ ਮੋਬਾਈਲ ਫੋਨਾਂ, ਕਾਲਜ਼ਾਂ ਤੱਕ ਹੀ ਸੀਮਤ ਕਰਕੇ ਰੱਖ ਦਿੱਤਾ ਗਿਆ ਹੈ। ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ। ਇਸ ਖੇਤਰ ਵਿੱਚ ਵਿਚਰ ਰਹੇ ਭੈਣਾਂ ਭਰਾਵਾਂ ਨੂੰ ਬੇਨਤੀ ਕਰਨੀ ਚਾਹਾਂਗੀ ਕਿ ਪੰਜਾਬੀ ਸੱਭਿਆਚਾਰ ਦਾ ਘੇਰਾ ਬਹੁਤ ਵਿਸ਼ਾਲ ਹੈ ਕਿਰਪਾ ਕਰਕੇ ਸਮੁੱਚੀ ਪੰਜਾਬੀਅਤ ਨੂੰ ਸ਼ਰਮਸ਼ਾਰ ਕਰਨ ਦੇ ਰਾਹ ਨਾ ਤੁਰੋ। ਜੋ ਵੀ ਕੁਝ ਲਿਖਣਾ ਗਾਉਣਾ ਹੈ ਤਾਂ ਸਭ ਤੋਂ ਪਹਿਲਾਂ ਇਹ ਸੋਚੋ ਕਿ ਇਹਨਾਂ ਗੀਤਾਂ ਨੂੰ ਤੁਹਾਡੀ ਮਾਂ, ਭੈਣ, ਪਤਨੀ ਅਤੇ ਬੱਚਾ-ਬੱਚੀ ਵੀ ਜਰੂਰ ਸੁਣਨਗੇ। ਅਜਿਹਾ ਨਾ ਹੋਵੇ ਕਿ ਕੱਲ੍ਹ ਨੂੰ ਸਾਨੂੰ ਸਾਡੇ ਹੀ ਬੋਲਾਂ ਕਰਕੇ ਸ਼ਰਮਿੰਦਾ ਹੋਣਾ ਪਵੇ। (3915)

Filed in: General, Punjabi Articles
No results

2 Responses to “ਪੰਜਾਬੀ ਗਾਇਕੀ ਕਿੱਧਰ ਨੂੰ? – ਵਿਚਾਰ ਚਰਚਾ”

 1. sarvargill
  December 21, 2013 at 6:19 pm #

  ਜੇ ਅਸੀਂ ਇਹਨਾ ਬੇਮਤਲਬ ਬੇਸੁਰੇ ਗਾਣਿਆਂ ਵਿਚੋਂ ਆਪਣਾ ਸਭਿਆਚਾਰ ਜਾਂ ਤਹਿਜ਼ੀਬ ਲਭ ਰਹੇ ਹਾਂ ਤਾਂ ਸਾਡੇ ਤੋਂ ਵੱਡਾ ਪਾਗ਼ਲ ਕੋਈ ਨਹੀ.

 2. inder roop ghuman
  December 20, 2013 at 8:52 pm #

  to write a good song and then to compose and sing it to perfection is all about teamwork.Present day song writers are so pathetic, that they only know how to ridicule a girl in a song, to write about branded things or to boast of having so many friends, fighting some imaginary enemies , getting high with drugs and making fun of others. This is because they have literary bankrupt minds and are poisoning the minds of new generation with their idiotic writing.
  Inder roop ghuman
  writer/producer

Leave a Reply