2:13 am - Tuesday March 28, 2017

ਗੱਲਾਂ ਬਾਤਾਂ ਬੇਬੇ ਦੀਆਂ

Gallaan Baata Bebe Diaਤਕਰੀਬਨ ਹਰ ਇਨਸਾਨ ਆਪਣੇ ਮਾਂ ਬਾਪ ਨਾਲੋਂ , ਦਾਦਾ ਦਾਦੀ ਦੇ ਕੁਝ ਜਿਆਦਾ ਕਰੀਬ ਹੁੰਦਾ ਹੈ . ਜਦ ਵੀ ਮਾਂ ਬਾਪ ਤੋਂ ਕਿਸੇ ਕਾਰਣ ਝਿੜਕਾਂ ਜਾਂ ਮਾਰ ਪੈਂਦੀ ਹੈ ਤਾਂ ਦਾਦਾ ਦਾਦੀ ਆਪਣੇ ਪੋਤੇ ਜਾਂ ਪੋਤੀ ਨੂੰ ਬਚਾਉਣ ਦੇ ਲਈ ਹਮੇਸ਼ਾ ਪੈਰਵੀ ਕਰਦੇ ਹਨ . ਹੋਰ ਵੀ ਕਈ ਕਾਰਣਾਂ ਕਰਕੇ ਪੋਤੇ ਪੋਤੀਆਂ ਦਾ ਆਪਣੇ ਦਾਦੇ ਦਾਦੀ ਨਾਲ ਗੂੜ੍ਹਾ ਰਿਸ਼ਤਾ ਹੁੰਦਾ ਹੈ . ਇਹ ਗੂੜ੍ਹਾ ਰਿਸ਼ਤਾ ਹਰ ਇਨਸਾਨ ਦੇ ਮਨ ਤੇ ਨਿਘੀਆਂ ਯਾੱਦਾਂ ਉਕੇਰ ਜਾਂਦਾ ਹੈ . ਇਹਨਾਂ ਨਿਘੀਆਂ ਯਾੱਦਾਂ ਨੂੰ ਹੀ ਇਸ ਲਿਖਤ ਰਾਹੀਂ ਮੈਂ ਪੰਜਾਬੀ ਪੋਰਟਲ ਤੇ ਸੰਭਾਲਣ ਦਾ ਯਤਨ ਕਰ ਰਿਹਾ ਹਨ ਤਾਂ ਕੇ ਆਉਣ ਵਾਲੇ ਸਮੇਂ ਵਿਚ ਮੈਂ ਖੁਦ ਵੀ ਇਸ ਲਿਖਤ ਨੂੰ ਪੜ ਕੇ ਇਸ ਗੂੜ੍ਹੇ ਰਿਸ਼ਤੇ ਦੀਆਂ ਯਾੱਦਾਂ ਦਾ ਅਹਿਸਾਸ ਇਕ ਵਾਰ ਫੇਰ ਤੋਂ ਮਾਣ ਸੱਕਾਂ .

ਘਰ ਪਰਿਵਾਰ ਨਾਲ ਜੁੜ੍ਹੇ ਸਾਰੇ ਹੀ ਓਹਨਾਂ ਨੂੰ “ਬੇਬੇ” ਕਹਿ ਕੇ ਬੁਲਾਇਆ ਕਰਦੇ ਸਨ. ਸੋ ਮੇਰੀ ਬੇਬੇ ਦੀ ਸਭ ਤੋਂ ਪੁਰਾਣੀ ਯਾਦ ਤੋਂ ਸ਼ੁਰੂ ਕਰਦੇ ਹਾਂ, ੩-੪ ਸਾਲਾਂ ਦੀ ਉਮਰ ਦੇ ਵਿਚ ਜਦ ਸਰਦੀ ਕਰਕੇ ਮੇਰਾ ਗਲਾ ਖਰਾਬ ਹੋ ਜਾਂਦਾ ਸੀ ਤਾਂ ਬੇਬੇ ਨੇ ਦਿਨ ਦੇ ਵਿਚ ਕਈ ਕਈ ਵਾਰ ਸਵਾਹ ਜਾਂ ਤੇਲ ਦੇ ਨਾਲ ਗਲ ਤੇ ਮਾਲਿਸ਼ ਕਰਨੀ ਜਿਸ ਕਰਕੇ ਮੈਨੂੰ ਬਹੁਤ ਹੀ ਆਰਾਮ ਪਹੁੰਚਦਾ ਸੀ.

ਇਸ ਤੋਂ ਬਾਦ ਦੀ ਜੋ ਗਲ ਮੇਰੇ ਯਾਦ ਆਉਂਦੀ ਹੈ- ਹਰ ਰੋਜ ਬੇਬੇ ਦਾ ਮੈਨੂੰ ਆਪਣੇ ਨਾਲ ਬਠਿੰਡੇ ਦੇ ਕਿਲੇ ਵਾਲੇ ਗੁਰੁਦ੍ਵਾਰੇ ਲੈਕੇ ਜਾਣਾ . ਮੇਰੇ ਯਾਦ ਹੈ ਕੇ ਅਸੀਂ ਦੋਵੇਂ ਤੁਰ ਕੇ ਜਾਂਦੇ ਸਾਂ , ਸਾਡਾ ਘਰ ਗੁਰੁਦ੍ਵਾਰੇ ਤੋਂ ਜੇ ਬਹੁਤ ਜਿਆਦਾ ਦੂਰ ਨਹੀ ਸੀ ਤੇ ਨੇੜੇ ਵੀ ਨਹੀਂ ਸੀ, ਇਕ ਬੱਚੇ ਦੇ ਤੇ ਇਕ ਬਜੁਰਗ ਦੇ ਕਦਮਾਂ ਲਈ, ਪਰ ਅਸੀਂ ਦੋਵਾਂ ਨੇ ਹਰ ਰੋਜ ਪੈਦਲ ਹੀ ਜਾਣਾ . ਮੈਨੂੰ ਕਈ ਵੈਸਾਖੀ ਵਾਲੇ ਦਿਨ ਵੀ ਯਾਦ ਨੇ ਜਦ ਬੇਬੇ ਨੇ ਮੈਨੂੰ ਆਪਣੇ ਨਾਲ ਹਾਜੀ ਰਤਨ ਗੁਰੁਦ੍ਵਾਰੇ ਵੀ ਲੈਕੇ ਜਾਣਾ, ਬੇਬੇ ਕਰਕੇ ਹੀ ਇਸ ਦਿਨ ਮੈਨੂੰ ਨਾ ਸਿਰਫ ਮਨਪਸੰਦ ਖਿਡਾਉਣੇ ਮਿਲ ਜਾਂਦੇ ਸਨ ਤੇ ਨਾਲ ਹੀ ਸਿਖ ਇਤਿਹਾਸ ਦੀਆਂ ਕਿਤਾਬਾਂ ਵੀ ਮਿਲ ਜਾਂਦੀਆਂ ਸਨ ਜੋ ਬੇਬੇ ਆਪ ਮੈਨੂੰ ਲੈ ਕੇ ਦਿੰਦੀ ਸੀ ਸੋ ਓਹ ਬੇਬੇ ਹੀ ਸੀ ਜਿਸਨੇ ਮੈਨੂੰ ਸਿਖ ਇਤਿਹਾਸ ਨਾਲ ਕਾਫੀ ਹਾਦ ਤਕ ਜਾਣੁ ਕਰਵਾਇਆ.

ਬੇਬੇ ਨੂੰ ਇਕ ਵਾਰੀ ਮੈਂ ਪੁਛਿਆ ਸੀ ਕੇ ਬੇਬੇ ਤੂੰ ਕਿੰਨਾ ਪੜੀ ਹੈ ? ਤਾਂ ਬੇਬੇ ਨੇ ਕਿਹਾ ਕੇ ਨਿੱਕੀ ਹੁੰਦੀ ਨੇ 3-4 ਸਾਲਾਂ ਤੱਕ ਪਿੰਡ ਦੇ ਜੋ ਡੇਰੇ ਦੇ ਸੰਤ ਸਨ ਓਹਨਾਂ ਕੋਲੋਂ ਪੰਜਾਬੀ ਤੇ ਗੁਰਮੁਖੀ ਪੜ੍ਹੀ ਸੀ. ਉਹਨਾਂ ਸੰਤਾਂ ਨੇ ਹੀ ਮੈਨੂੰ ਗੁਰਬਾਣੀ ਦੇ ਗਿਆਨ ਦੇ ਨਾਲ ਨਾਲ, ਹਰ ਵਕਤ ਜਪਣ ਲਈ ਇਕ ਸ਼ਬਦ ਵੀ ਦਸਿਆ ਸੀ. ਇਹ ਚੰਗੀ ਤਰਾਂ ਪਤਾ ਹੋਣ ਦੇ ਬਾਵਜੂਦ ਕੇ ਇਹ ਸ਼ਬਦ ਸਿਰਫ ਉਸਦੇ ਲਈ ਹੀ ਸੀ ਫੇਰ ਵੀ ਬੇਬੇ ਨੇ ਇਹ ਸ਼ਬਦ ਮੈਨੂੰ ਇਕ ਵਾਰ ਦਸ ਦਿੱਤਾ ਸੀ. ਬੇਬੇ ਕਰਕੇ ਹੀ ਕਈ ਸਾਲਾਂ ਤਕ ਸਾਡੇ ਘਰ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਰਿਹਾ ਤੇ ਬੇਬੇ ਹਰ ਰੋਜ ਸ਼ਰਧਾ ਨਾਲ ਪਾਠ ਕਰਦੀ ਸੀ . ਬੇਬੇ ਨੇ ਹੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਤੋਂ ਵਾਕ ਲੈ ਕੇ ਮੇਰਾ ਨਾਮ ਰਖਿਆ ਸੀ.

ਸਾਲਾਂ ਬਧੀ ਹੀ ਬੇਬੇ ਨੇ ਘਰ ਦੇ ਪੈਸੇ ਦੀ ਸੰਭਾਲ ਕੀਤੀ . ਬੇਬੇ ਦੇ ਕੋਲ ਲਕੜ ਦਾ ਬਣਿਆ ਇਕ ਸੰਦੂਕ ਸੀ, ਜਿਸ ਉੱਪਰ ਲੋਹੇ ਦੀਆਂ ਪੱਤੀਆਂ ਦੇ ਬਣੇ ਹੋਏ ਪੰਛੀ ਮੇਖਾਂ ਨਾਲ ਲੱਗੇ ਹੋਏ ਸਨ, ਤੇ ਇਹ ਸੰਦੂਕ ਸ਼ਾਇਦ ਬੇਬੇ ਦੇ ਭਰਾ ਨੇ ਆਪ ਬਣਾ ਕੇ ਬੇਬੇ ਦੇ ਵਿਆਹ ਵੇਲੇ ਦਹੇਜ ਵਿਚ ਦਿੱਤਾ ਸੀ. ਆਪਣਾ ਪੈਸਾ ਬੇਬੇ ਨੇ ਇਸ ਸੰਦੂਕ ਵਿਚ ਰਖਣਾ ਤੇ ਇਸਦੇ ਨਾਲ ਹੀ ਨਵੇਂ ਸਾਲ ਦੀ ਡਾਇਰੀ , ਗੁਰੁਦ੍ਵਾਰੇ ਮਥ੍ਹਾ ਟੇਕਣ ਵਾਲੀ ਭਾਨ , ਅਖ੍ਹਾਂ ਦੇ ਵਿਚ ਪਾਉਣ ਵਾਲੀ ਦਵਾਈ , ਤੇ ਨਾਲ ਹੀ ਕੁਝ ਧਾਰਮਿਕ ਪੁਸਤਕਾਂ ਵੀ ਰਖੀਆਂ ਹੋਈਆਂ ਸਨ .

ਬੇਬੇ ਨੇ ਹਰ ਰੋਜ਼ ਸ਼ਾਮ ਨੂੰ ਸਾਢ਼ੇ ਪੰਜ਼ ਵਜੇ ਰੇਡੀਓ ਜਲੰਧਰ ਤੇ ਗੁਰਬਾਣੀ ਸੁਣਨੀ , ਜਦ ਕਦੀ ਰੇਡੀਓ ਦੇ ਸੈਲ ਖਤਮ ਹੋ ਜਾਂਦੇ ਤੇ ਕਈ ਵਾਰ ਮੈਂ ਨਵੇਂ ਸੈਲ ਬਦਲ ਕੇ ਪਾ ਦੇਣੇ ਜਿਸ ਕਰਕੇ ਬੇਬੇ ਨੇ ਖੁਸ਼ ਹੋ ਜਾਣਾ . ਬੇਬੇ ਨੇ ਮੈਨੂੰ ਸਿਰਫ ਇਕੋ ਇਕ ਫਿਲਮ ਦੀ ਹੀ ਕਹਾਣੀ ਸੁਣਾਈ ਸੀ ਜੋ ਸ਼ਾਇਦ ਬੇਬੇ ਦੀ ਆਪਣੀ ਹਾਲਤ ਬਿਆਨ ਕਰਦੀ ਸੀ ਤੇ ਇਹ ਹਾਲਤ ਸੀ ਕਈ ਸਾਲਾਂ ਤੋਂ ਬਹੁਤ ਹੀ ਕਮਜੋਰ ਹੋ ਚੁੱਕੀ ਅਖਾਂ ਦੀ ਨਜਰ.

ਤੁੰਗਵਾਲੀ ਪਿੰਡ ਰਹਿਣ ਦੌਰਾਨ ਬੇਬੇ ਨੇ ਕਾਫੀ ਸਮੇਂ ਤੱਕ ਸਿਲਾਈ ਮਸ਼ੀਨ ਤੇ ਕਪੜੇ ਸਿਓਂ ਕੇ ਘਰ ਦਾ ਖਰਚ ਚਲਾਇਆ ਸੀ . ਪਰ ਇਸ ਕਠਿਨ ਮੇਹਨਤ ਨੇ ਬੇਬੇ ਦੀ ਸਿਰਫ ਨਜ਼ਰ ਹੀ ਕਮਜ਼ੋਰ ਕੀਤੀ ਸੀ. ਹਾਲਾਂਕਿ ਬੇਬੇ ਸਾਰੀ ਉਮਰ ਚੰਗੀ ਨਜ਼ਰ ਨੂੰ ਤਰਸਦੀ ਰਹੀ ਤੇ ਬਹੁਤ ਵਾਰ ਰਬ ਨੂੰ ਸ਼ਿਕਾਇਤ ਵੀ ਕਰ ਦਿੰਦੀ ਸੀ ਕੇ ਮੈਨੂੰ ਅੰਨਾ ਬਣਾ ਕੇ ਕਿਓ ਬੈਠਾ ਰਖਿਆ ਹੈ, ਮੈਨੂੰ ਆਪਣੇ ਕੋਲ ਕਿਓਂ ਨਹੀਂ ਬੁਲਾ ਲੈਂਦਾ . ਪਰ ਇਸ ਸਬ ਦੇ ਬਾਵਜੂਦ ਵੀ ਬੇਬੇ ਨੇ ਆਪਣਾ ਹੌਸਲਾ ਅਖੀਰ ਤੱਕ ਬਰਕਰਾਰ ਰਖਿਆ. ਫਿਰ ਇਕ ਦਿਨ ਮੈਂਨੂੰ ਦੂਰਦਰਸ਼ਨ ਤੇ ਹਿੰਦੀ ਫਿਲਮ “ ਅੰਨਪੜ ” ਦੇਖੀ ਜਿਸ ਵਿਚ ਇਕ ਅੰਨਪੜ ਕੁੜੀ ਆਪਣੇ ਅੰਨੇ ਭਰਾ ਦਾ ਇਲਾਜ਼ ਕਰਵਾਉਣ ਦੀ ਕੋਸ਼ਿਸ਼ ਕਰਦੇ ਕਰਦੇ ਮਰ ਜਾਂਦੀ ਹੈ ਤੇ ਮਾਰਨ ਤੋਂ ਬਾਅਦ ਆਪਣੀਆਂ ਅਖਾਂ ਆਪਣੇ ਭਰਾ ਨੂੰ ਦੇ ਜਾਂਦੀ ਹੈ . ਸ਼ਾਇਦ ਇਹ ਓਹ ਹੀ ਫਿਲਮ ਸੀ ਜਿਸਦੇ ਬਾਰੇ ਬੇਬੇ ਨੇ ਮੈਨੂੰ ਦਸਿਆ ਸੀ .

ਸਬ ਤੋਂ ਪਿਆਰੀ ਗਲ ਬੇਬੇ ਬਾਰੇ ਸੀ, ਬੇਬੇ ਦਾ ਘਰ ਦੇ ਸਾਰੇ ਬਚਿਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸੁਨਾਉਣਾ , ਬਹੁਤ ਸਾਰੀਆਂ ਸਾਖੀਆਂ ਬੇਬੇ ਨੂੰ ਮੂੰਹ ਜੁਬਾਨੀ ਯਾਦ ਸਨ . ਜਦ ਦਾਦੀ ਜੀ ਨੇ ਕੋਈ ਸਾਖੀ ਸੁਨਾਉਣੀ ਤਾਂ ਨਾਲ ਨਾਲ ਹੀ ਬਾਬੇ ਨਾਨਕ ਦੇ ਸ਼ਬਦ ਵੀ ਉਚਾਰਨੇ ਤੇ ਨਾਲ ਹੀ ਸ਼ਬਦਾਂ ਦੇ ਅਰਥ ਦਸਣੇ . ਇਸ ਤੋਂ ਇਲਾਵਾ ਬੇਬੇ ਨੇ ਦਸਾਂ ਗੁਰੂਆਂ , ਮਾਤਾ ਗੁਜਰੀ ਜੀ , ਚਾਰੇ ਸਾਹਿਬਜਾਦਿਆਂ, ਬਾਬਾ ਬੰਦਾ ਬਹਾਦੁਰ ਜੀ , ਭਾਈ ਬਿਧੀ ਚੰਦ , ਮਾਈ ਭਾਗੋ , ਬੀਬੀ ਰਜਨੀ ਤੇ ਪਿੰਗਲੇ ਦੀ ਕਥਾ ਦੀਆਂ ਸਾਖੀਆਂ ਕਈ ਕਈ ਵਾਰ ਸੁਣਾਈਆਂ ਸਨ .

ਬੇਬੇ ਨੇ ਹਰ ਰੋਜ ਸਵੇਰੇ ਉਠ ਕੇ ਪਾਠ ਕਰਨਾ , ਤੇ ਜਾਗਣ ਦਾ ਸਮਾਂ ਤਿੰਨ ਵਜੇ ਦੇ ਕਰੀਬ ਦਾ ਹੁੰਦਾ ਸੀ . ਰਾਤ ਨੂੰ ਸੌਂਣ ਵੇਲੇ ਮੰਜੇ ਦੇ ਕੋਲ ਪਾਣੀ ਦੀ ਗੜਵੀ ਰਖਵਾ ਲੈਣੀ , ਪਾਠ ਕਰਨ ਤੋਂ ਬਾਅਦ ਪਹਿਲਾਂ ਇਹ ਪਾਣੀ ਪੀਣਾ, ਤੇ ਸ਼ਾਇਦ ਇਹ ਇਸ ਪਵਿਤਰ ਪਾਣੀ ਦਾ ਹੀ ਚਮਤਕਾਰ ਸੀ ਕੇ ਆਪਣੇ ਅਖੀਰਲੇ ਦਿਨਾਂ ਤੱਕ ਬੇਬੇ ਤੁਰਨ ਫਿਰਨ ਦੇ ਯੋਗ ਸੀ . ਆਪਣੀ ਜਿੰਦਗੀ ਦੇ ਅਖੀਰਲੇ ਦਿਨ ਤੋਂ ਇਕ ਦਿਨ ਪਹਿਲਾਂ ਓਹ ਆਪ ਤੁਰ ਕੇ ਘਰ ਦੇ ਨਾਲ ਲਗਦੇ ਗੁਰੁਦ੍ਵਾਰੇ ਜਾ ਕੇ ਆਪਣੀ ਸੁਖੀ ਹੋਈ ਸੁਖ ਚੰਦੋਆ ਸਾਹਿਬ ਚੜਾ ਕੇ ਪੂਰੀ ਕਰ ਆਈ ਸੀ .

ਬੇਬੇ ਦੀਆਂ ਸੁਣਾਈਆਂ ਕਹਾਣੀਆਂ ਦੇ ਵਿਚੋਂ ਜੇ ਇਕ ਦਾ ਜਿਕਰ ਨਾ ਕੀਤਾ ਤਾਂ ਸਾਰੀ ਬਿਆਨ ਕੀਤੀ ਗੱਲ ਵੀ ਅਧੂਰੀ ਜਾਪੇਗੀ . ਇਸ ਕਹਾਣੀ ਵਿਚ ਇਕ ਸੰਤਾਂ ਦੀ ਟੋਲੀ ਸੀ ਜੋ ਜਗਾ ਜਗਾ ਘੁਮਦੀ ਰਹਿੰਦੀ ਸੀ. ਇਸ ਟੋਲੀ ਦੇ ਵਿਚ ਇਕ ਬਹੁਤ ਹੀ ਮੋਟਾ ਸੰਤ ਸੀ ਜੋ ਕੇ ਹਰ ਵਾਰ ਹੀ ਆਪਣੀ ਟੋਲੀ ਤੋਂ ਪਿਛੇ ਰਹਿ ਜਾਂਦਾ ਸੀ. ਫੇਰ ਇਕ ਵਾਰ ਜਦ ਇਹ ਸੰਤ ਪਿਛੇ ਰਹ ਗਿਆ ਤਾਂ ਇਸ ਦੀ ਨਜ਼ਰ ਰਸਤੇ ਤੋਂ ਥੋੜੀ ਦੂਰ ਠੀਕਰੀਆਂ ਦੇ ਢੇਰ ਤੇ ਜਾ ਪਈ . ਪਤਾ ਨਹੀਂ ਕਿਓਂ ਉਸ ਸੰਤ ਨੇ ਥੋੜਾ ਹੋਰ ਨੇੜੇ ਜਾ ਕੇ ਦੇਖਿਆ ਤਾਂ ਹਰ ਠੀਕਰੀ ਤੇ ਕੁਛ ਲਿਖਿਆ ਹੋਇਆ ਸੀ . ਸੰਤ ਨੇ ਇਕ ਠੀਕਰੀ ਚੱਕ ਕੇ ਦੇਖੀ ਤੇ ਲਿਖੇ ਹੋਏ ਸ਼ਬਦ ਪੜੇ. ਫੇਰ ਦੂਸਰੀ ਠੀਕਰੀ ਤੇ ਨਜ਼ਰ ਮਾਰੀ ਤੇ ਫੇਰ ਤੀਸਰੀ ਤੇ . ਹਰ ਠੀਕਰੀ ਤੇ ਲਿਖਿਆ ਹੋਇਆ ਸੀ-

“ਕੋਈ ਵੀ ਅਜਿਹਾ ਕੰਮ ਨਹੀਂ ਹੈ ਜੋ ਨਾ ਕੀਤਾ ਜਾ ਸਕੇ ” .
ਸੰਤ ਨੇ ਸੋਚਿਆ ਕੇ ਜਿਸ ਨੇ ਵੀ ਇਹ ਸ਼ਬਦ ਇੰਨੀ ਵਾਰ ਲਿਖੇ ਹਨ ਤਾਂ ਜਰੂਰ ਹੀ ਕੋਈ ਗਲ ਹੋਵੇਗੀ , ਪਰ ਕੀ ਇਹ ਹਕੀਕੀ ਤੌਰ ਤੇ ਵੀ ਸਿਧ ਕੀਤਾ ਜਾ ਸਕਦਾ ਹੈ ਤੇ ਕਿਓਂ ਨਾ ਇਸ ਗਲ ਦੀ ਪ੍ਰੀਖਿਆ ਭਾਵ ਪ੍ਰੈਕਟੀਕਲ ਕੀਤਾ ਜਾਵੇ .

ਫੇਰ ਇਸ ਸੰਤ ਨੇ ਇਕ ਰਾਜੇ ਦੇ ਰਾਜ ਵਿਚ ਜਾ ਕੇ ਇਕ ਥਾਂ ਤੇ ਆਪਣਾ ਡੇਰਾ ਜਮਾ ਲਿਆ . ਉਸ ਜਗਾ ਦੇ ਲੋਕ ਭਲੇ ਸਨ ਤੇ ਰਾਜਾ ਵੀ ਭਲਾ ਸੀ . ਕਿਸੇ ਨੇ ਦੇਖਿਆ ਕੇ ਸੰਤ ਬੇਠੇ ਨੇ ਡੇਰਾ ਲਾਈ ਤੇ ਪ੍ਰਸ਼ਾਦੇ ਲਿਆ ਕੇ ਰਖ ਦਿਤੇ . ਫੇਰ ਕਿਸੇ ਹੋਰ ਨੇ ਪ੍ਰਸ਼ਾਦੇ ਲਿਆ ਕੇ ਰਖ ਦਿੱਤੇ ਤੇ ਤੀਸਰੇ ਦਿਨ ਕਿਸੇ ਹੋਰ ਨੇ ਪਰ ਦੇਖਿਆ ਕੇ ਸੰਤਾਂ ਕੋਲ ਤਾਂ ਪਹਿਲਾਂ ਵਾਲੇ ਪ੍ਰਸ਼ਾਦੇ ਵੀ ਪਏ ਨੇ . ਹੋਰ ਲੋਕਾਂ ਨੇ ਵੀ ਪ੍ਰਸ਼ਾਦੇ ਲਾਈ ਕੇ ਆਂਦੇ ਪਰ ਸੰਤਾਂ ਨੇ ਕਿਸੇ ਦੇ ਵੀ ਭੋਜ਼ਨ ਨੂੰ ਹਥ ਨਹੀਂ ਲਾਇਆ ਸੀ .

ਹੌਲੀ ਹੌਲੀ ਗਲ ਰਾਜੇ ਤੱਕ ਪਹੁੰਚ ਗਈ , ਰਾਜੇ ਨੇ ਆਪਣੇ ਵਜੀਰਾਂ ਨੂੰ ਸੰਤ ਕੋਲ ਭੇਜਿਆ . ਸੰਤਾਂ ਨੇ ਵਜੀਰਾਂ ਨੇ ਸੰਤਾਂ ਨੂੰ ਰੋਟੀ ਖਾਣ ਦੀ ਬੇਨਤੀ ਕੀਤੀ ਤਾਂ ਸੰਤਾਂ ਨੇ ਕਿਹਾ ਕੇ ਪਹਿਲਾਂ ਰਾਜਾ ਖੁਦ ਚਲ ਕੇ ਸਾਡੇ ਕੋਲ ਆਵੇ ਤੇ ਫੇਰ ਹੀ ਇਸ ਜਗਾ ਦੇ ਲੋਕਾਂ ਦੀ ਸੇਵਾ ਮੰਜੂਰ ਹੋਵੇਗੀ . ਰਾਜਾ ਵੀ ਆ ਗਿਆ ਤੇ ਹਥ ਜੋੜ ਕੇ ਸੰਤਾਂ ਨੂੰ ਪੁਛਿਆ ਕੇ ਕਿਸ ਗਲ ਦੀ ਭੁੱਲ ਹੈ ਕੇ ਤੁਸੀਂ ਸਾਡੀ ਸੇਵਾ ਮੰਜੂਰ ਨਹੀ ਕਰ ਰਹੇ . ਸੰਤ ਨੇ ਰਾਜੇ ਨੂੰ ਕਿਹਾ ਕੇ ਅਸੀਂ ਤੁਹਾਡੇ ਦਰਬਾਰ ਵਿਚ ਆਕੇ ਤੁਹਾਡੇ ਤੋਂ ਇਕ ਵਚਨ ਲੈਣਾ ਹੈ ਜੇ ਤੁਸੀਂ ਓਹ ਵਚਨ ਪੂਰਾ ਕਰਨ ਦੇ ਲਈ ਤਿਆਰ ਹੋ ਤਾਂ ਅਸੀਂ ਪ੍ਰਸ਼ਾਦੇ ਛੱਕ ਲੈਂਦੇ ਹਾਂ .

ਰਾਜੇ ਨੇ ਹਾਂ ਕਰ ਦਿਤੀ ਤੇ ਅਗਲੇ ਦਿਨ ਸੰਤ ਰਾਜੇ ਦੇ ਦਰਬਾਰ ਵਿਚ ਜਾ ਪਹੁੰਚੇ . ਦਰਬਾਰ ਦੇ ਵਿਚ ਜਾ ਕੇ ਸਬ ਦੇ ਸਾਹਮਣੇ ਸੰਤਾਂ ਨੇ ਕਿਹਾ ਕੀ ਮੈਂ ਤੁਹਾਡੀ ਲੜਕੀ ਦਾ ਰਿਸ਼ਤਾ ਲੈਣਾ ਹੈ . ਰਾਜਾ ਵੀ ਬਹੁਤ ਸਿਆਣਾ ਸੀ . ਰਾਜੇ ਨੇ ਕਿਹਾ ਕੇ ਮੈਂ ਵਚਨ ਦਾ ਪੱਕਾ ਹਾਂ ਪਰ ਮੇਰੀ ਵੀ ਇਕ ਸ਼ਰਤ ਹੈ ਜੇਕਰ ਤੁਸੀਂ ਇਹ ਸ਼ਰਤ ਪੂਰੀ ਕਰ ਸਕਦੇ ਹੋ ਤਾਂ ਮੈਂ ਆਪਣੀ ਲੜਕੀ ਨੂੰ ਖੁਸ਼ੀ ਖੁਸ਼ੀ ਤੁਹਾਡੇ ਨਾਲ ਵਿਦਾ ਕਰ ਦੇਵਾਗਾਂ . ਸੰਤਾਂ ਨੇ ਕਿਹਾ ਠੀਕ ਹੈ ਤੁਸੀਂ ਸ਼ਰਤ ਦਸੋ . ਫੇਰ ਰਾਜੇ ਦੇ ਹੁਕਮ ਨਾਲ ਇਕ ਹੀਰਾ ਦਰਬਾਰ ਵਿਚ ਲਿਆਂਦਾ ਗਿਆ. ਰਾਜੇ ਨੇ ਸੰਤਾਂ ਨੂੰ ਕਿਹਾ ਕੇ ਇਹ ਹੀਰਾ ਬਹੁਤ ਹੀ ਕੀਮਤੀ ਹੈ ਤੇ ਬੜੀ ਮੁਸ਼ਕਿਲ ਨਾਲ ਮਿਲਦਾ ਹੈ , ਜੇ ਕਰ ਤੁਸੀਂ ਇਸੇ ਨਾਲ ਦਾ ਹੀ ਇਕ ਹੋਰ ਹੀਰਾ ਲੈ ਆਂਦੇ ਹੋ ਤਾਂ ਜਦ ਮਰਜ਼ੀ ਬਾਰਾਤ ਲੈ ਕੇ ਆ ਸਕਦੇ ਹੋ . ਸੰਤਾਂ ਨੇ ਰਾਜੇ ਤੋਂ ਓਹ ਹੀਰਾ ਫੜ੍ਹਿਆ ਤੇ ਇਸੇ ਨਾਲ ਦੇ ਇਕ ਹੋਰ ਹੀਰੇ ਦੀ ਭਾਲ ਦੇ ਵਿਚ ਤੁਰ ਪਏ .

ਬੇਬੇ ਨੇ ਇਸ ਸਾਰੀ ਗਲ ਤੋਂ ਬਾਅਦ ਸਾਨੂੰ ਸੰਤ ਦੇ ਸਾਹਮਣੇ ਆਈਆਂ ਮੁਸ਼ਕਿਲਾਂ ਦਾ ਵੇਰਵਾ ਬੜੇ ਸੋਹਣੇ ਤਰੀਕੇ ਨਾਲ ਬਹੁਤ ਵਾਰ ਸੁਣਾਇਆ ਸੀ . ਅੰਤ ਵਿਚ ਓਹ ਸੰਤ ਇਕ ਨਹੀਂ ਬਹੁਤ ਸਾਰੇ ਹੀਰੇ ਲੈ ਆਇਆ ਸੀ ਤੇ ਰਾਜਾ ਆਪਣੀ ਲੜਕੀ ਨੂੰ ਸੰਤ ਦੇ ਨਾਲ ਤੋਰਨ ਲਈ ਰਾਜ਼ੀ ਹੋ ਗਿਆ ਸੀ. ਪਰ ਸੰਤਾਂ ਨੇ ਨਾ ਕਰ ਦਿਤੀ . ਸੰਤਾਂ ਦਾ ਅਸਲੀ ਮਕਸਦ, ਠੀਕਰੀਆਂ ਤੇ ਲਿਖੇ ਸ਼ਬਦਾਂ ਦੀ ਅਸਲੀ ਤੌਰ ਤੇ ਜਾਚਣ ਦਾ ਤਜਰਬਾ, ਪੂਰਾ ਹੋ ਗਿਆ ਸੀ .

ਬੇਬੇ ਦੀ ਸੁਣਾਈ ਇਹ ਕਹਾਣੀ ਮੈਨੂੰ ਬਹੁਤ ਹੀ ਪਸੰਦ ਹੈ ਕਿਓਂਕਿ ਇਕ ਤਾਂ ਬੇਬੇ ਦਾ ਕਹਾਣੀ ਸੁਣਾਉਣ ਦਾ ਤਰੀਕਾ ਜਾਂ ਸਟਾਇਲ ਬਹੁਤ ਪਿਆਰਾ ਸੀ. ਦੂਸਰੀ ਗਲ ਇਹ ਹੈ ਕੇ ਇਹ ਕਹਾਣੀ ਮੇਰੀ ਆਪਣੀ ਜਿੰਦਗੀ ਵਿਚ ਵੀ ਪ੍ਰੇਰਨਾ ਦਾ ਸਰੋਤ ਬਣੀ ਹੈ .ਕਈ ਵਾਰ ਜਦ ਕਈ ਕਈ ਮਹੀਨਿਆਂ ਤੱਕ ਪ੍ਰਮਾਤਮਾ ਤੋਂ ਬਿਨਾ ਕੋਈ ਹੋਰ ਸਹਾਰਾ ਨਜਰ ਨਹੀਂ ਸੀ ਆਉਂਦਾ ਤਾਂ ਇਹ ਕਹਾਣੀ ਮੇਰੇ ਜੇਹਨ ਦੇ ਇਕ ਕੋਨੇ ਦੇ ਵਿਚ ਲੁਕੀ ਹੋਣ ਦੇ ਬਾਵਜੂਦ ਵੀ ਮੇਰੇ ਹੌਸਲੇ ਨੂੰ ਘਟ ਨਹੀਂ ਹੋਣ ਦਿੰਦੀ ਸੀ, ਭਾਵੇਂ ਸੌ ਮੁਸ਼ਕਿਲਾਂ ਸਾਹਮਣੇ ਹੁੰਦੀਆਂ ਸਨ .

ਇਸ ਕਹਾਣੀ ਤੋਂ ਇਲਾਵਾ ਬੇਬੇ ਭਗਤ ਕਬੀਰ ਤੇ ਓਹਨਾਂ ਦੀ ਘਰਵਾਲੀ ਦੀ ਆਪਸੀ ਬਹਿਸ ਜਿਸਦਾ ਮੁਦ੍ਦਾ ਇਹ ਸੀ ਕੀ ਮਰਦ ਤੇ ਔਰਤ ਵਿਚੋਂ ਕੌਣ ਜਿਆਦਾ ”ਚਲਿਤਰ” ਰਖਦਾ ਹੈ, ਵੀ ਬੜੇ ਤਰੀਕੇ ਨਾਲ ਸੁਣਾਉਂਦੀ ਸੀ. ਕਿਓਂਕਿ ਇਸ ਕਹਾਣੀ ਵਿਚ ਭਗਤ ਕਬੀਰ ਨੂੰ ਆਪਣੀ ਘਰਵਾਲੀ ਦੁਆਰਾ ਦਿਖਾਏ ਗਏ ” ਇਸਤਰੀ ਚਲਿਤਰ” ਦਾ ਸੰਤਾਪ ਭੋਗਣਾ ਪੈਂਦਾ ਹੈ, ਸੋ ਇਹ ਕਹਾਣੀ ਸੁਣਾ ਕੇ ਬੇਬੇ ਘਰ ਦਿਆਂ ਨੂੰ ਕਈ ਵਾਰ ਹਾਸੇ ਵਿਚ ਪਾ ਦਿੰਦੀ ਸੀ.

ਕਈ ਵਾਰ ਜਦ ਮੈਂ ਬੇਬੇ ਕੋਲ ਸਿਰਫ ਉਸਦੀਆਂ ਗਲਾਂ ਸੁਣਨ ਲਈ ਹੀ ਬੈਠ ਜਾਂਦਾ ਸੀ . ਬੇਬੇ ਨੇ ਕਈ ਵਾਰ ਦਸਿਆ ਸੀ ਕੇ ਕਿਵੇਂ ਪਿੰਡ ਵਾਲੇ ਘਰ ਦੇ ਵੇਹੜੇ ਵਿਚ ਜਦ ਓਹ ਸਿਲਾਈ ਮਸ਼ੀਨ ਰਖ ਕੇ ਕਪੜੇ ਸਿਓਂਣ ਲਈ ਬੈਠੀ ਹੁੰਦੀ ਸੀ ਤਾਂ ਕੰਧ ਟੱਪ ਕੇ ਦੋ ਤਿੰਨ ਮੋਰ ਉਸਦੇ ਕੋਲ ਆ ਜਾਂਦੇ ਸਨ.

ਬੇਬੇ ਨੇ ਇਹ ਗਲ ਵੀ ਕਈ ਵਾਰ ਸੁਣਾਈ ਸੀ- ਪਰ ਇਹ ਮੇਰੇ ਯਾਦ ਨਹੀਂ ਇਕ ਇਹ ਕਿਸ ਨਾਲ ਵਾਪਰੀ ਘਟਨਾ ਸੀ, ਬੇਬੇ ਦੇ ਕਿਸੇ ਰਿਸ਼ਤੇਦਾਰ ਨੇ ਸ਼ੌਂਕ ਵਜੋਂ ਕਬੂਤਰ ਰਖੇ ਹੋਏ ਸਨ. ਕਬੂਤਰਾਂ ਦੇ ਰਹਿਣ ਦੀ ਜਗਾ ਮਿੱਟੀ ਦੇ ਨਾਲ ਕਿਸੇ ਉਚ੍ਹੀ ਥਾਂ ਤੇ ਬਣਾਈ ਹੋਈ ਸੀ. ਉਸ ਥਾਂ ਦੇ ਪਿਛਲੇ ਪਾਸੇ ਹਵਾ ਆਉਣ ਜਾਣ ਲਈ ਛੋਟਾ ਸੁਰਾਖ਼ ਬਣਾਇਆ ਹੋਇਆ ਸੀ. ਇਸ ਥਾਂ ਦੀ ਮਿੱਟੀ ਪੱਟ ਪੱਟ ਕੇ ਇਕ ਤੋਤੇ ਨੇ ਅੰਦਰ ਆਉਣ ਜਾਣ ਲਈ ਉਸ ਛੋਟੇ ਸੁਰਾਖ਼ ਨੂੰ ਵੱਡਾ ਕਰ ਲਿਆ ਸੀ. ਤੋਤੇ ਦੇ ਇਸ ਕਾਰਨਾਮੇ ਦੀ ਖਬਰ ਕਿੰਨਾ ਹੀ ਚਿਰ ਪਤਾ ਨਾ ਲੱਗੀ. ਤੋਤਾ ਰਾਮ ਚੁਪ ਚਾਪ ਕਬੂਤਰਾਂ ਦਾ ਖਾਣਾ ਪੀਣਾ ਡਕਾਰ ਜਾਂਦੇ ਰਹੇ. ਫਿਰ ਸ਼ਾਇਦ ਤੋਤਾ ਰਾਮ ਦਾ ਭੇਦ ਖੁਲ ਗਿਆ ਸੀ. ਪਰ ਕਬੂਤਰਾਂ ਦੇ ਸ਼ੌਕੀਨ ਨਾਲ ਬਹੁਤ ਬੁਰੀ ਹੋਈ ਕਿਓਂਕਿ ਜਦ ਉਸਨੇ ਤੋਤੇ ਨੂੰ ਫੜਨ ਲਈ ਹਥ ਅੰਦਰ ਕੀਤਾ ਤਾਂ ਤੋਤੇ ਨੇ ਬੜੀ ਹੀ ਜੋਰ ਦੀ ਕਬੂਤਰਾਂ ਦੇ ਸ਼ੌਕੀਨ ਦੀ ਉਂਗਲ ਤੇ ਦੰਦੀ ਵਢ ਦਿੱਤੀ. ਬੇਬੇ ਮੁਤਾਬਿਕ ਉਸ ਵਿਚਾਰੇ ਨੂੰ ਕਈ ਦਿਨਾਂ ਤੱਕ ਉਂਗਲ ਤੇ ਪੱਟੀ ਕਰਨੀ ਪਈ ਸੀ.

ਹਿੰਦ ਪਾਕ ਵੰਡ ਦੇ ਦੰਗਿਆ ਦੌਰਾਨ ਤੁੰਗਵਾਲੀ ਪਿੰਡ ਦੇ ਵਿਚ ਛੁੱਟੀ ਕਟਣ ਆਏ ਇਕ ਮੁwਛ ਫੁੱਟ, ਮੁਸਲਮਾਨ ਫੌਜੀ ਗਬਰੂ ਦਾ ਕਤਲ , ਜੋ ਪਿੰਡ ਦੇ ਸਿਖ ਜਵਾਨਾਂ ਨੇ ਕੀਤਾ ਸੀ, ਬੇਬੇ ਇਸਦੀ ਗਵਾਹ ਸੀ ਤੇ ਦਸਦੀ ਹੁੰਦੀ ਸੀ ਕੇ ਕਿਵੇਂ ਓਹ ਵਿਚਾਰਾ ਜਾਨ ਬਚਾਉਣ ਲਈ ਭਜਦਾ ਭਜਦਾ ਇਕ ਖੁੱਲੇ ਟੋਏ ਦੇ ਵਿਚ ਜਾ ਡਿਗਿਆ ਤੇ ਇਸ ਟੋਏ ਦੇ ਵਿਚ ਹੀ ਇਕ ਲੋਹੇ ਦਾ ਸੇਲਾ ਛਾਤੀ ਵਿਚ ਮਾਰ ਕੇ ਉਸਦੀ ਜਾਨ ਕਢ ਦਿੱਤੀ ਗਈ ਸੀ. ਬੇਬੇ ਦਸਦੀ ਹੁੰਦੀ ਸੀ ਕੇ ਉਸ ਵੇਲੇ ਕਈ ਲੋਕਾਂ ਨੇ, ਪਾਕਿਸਤਾਨ ਤੋਂ ਆਈ ਰੇਲ ਗੱਡੀ ਦੇ ਵਿਚ ਔਰਤਾਂ ਦਿਆਂ ਨੰਗੀਆਂ ਲਾਸ਼ਾਂ ਨੂੰ ਢਕਣ ਲਈ ਕਪੜੇ ਦੇ , ਥਾਣਾਂ ਦੇ ਥਾਂਣ ਕਿਵੇਂ ਦਾਨ ਵਜੋਂ ਦਿੱਤੇ ਸਨ. ਬੇਬੇ ਨੇ ਇਹ ਵੀ ਦਸਣਾ ਕੇ ਕਈ ਲਾਸ਼ਾਂ ਦੇ ਹਥ ਲੋਹੇ ਦੀਆਂ ਮੇਖਾਂ ਗੱਡ ਕੇ ਸੀਟਾਂ ਦੇ ਨਾਲ ਫਿਕਸ ਕਿੱਤੇ ਹੋਏ ਸਨ. ਇਸ ਤਰਾਂ ਦੀਆਂ ਗੱਲਾਂ ਸੁਣ, ਨਿੱਕੇ ਹੋਣ ਕਰਕੇ ਸਾਨੂੰ ਤਾਂ ਸਮਝ ਨਾ ਆਉਂਦੀ ਕੇ ਕੀ ਜਵਾਬ ਦਈਏ, ਪਰ ਬਾਅਦ ਦੇ ਵਿਚ ਇਹ ਅਹਿਸਾਸ ਹੋਇਆ ਕੇ ਬੇਬੇ ਸਾਡੇ ਵਰਗੇ ਬਚਿਆਂ ਦੇ ਕੋਲ ਸਿਰਫ ਆਪਣਾ ਚਿਰਾਂ ਦਾ ਦੁਖ ਹੀ ਫਰੋਲਦੀ ਸੀ ਜੋ ਇਨਸਾਨੀਅਤ ਦੇ ਖੂਨੀ ਸਾੱਕੇ ਦੀ ਗਵਾਹ ਹੋਣ ਕਰਕੇ ਬੇਬੇ ਨਾਲ ਹਮੇਸ਼ਾ ਲਈ ਜੁੜਿਆ ਹੋਇਆ ਸੀ.

੧੯੭੧ ਦੀ ਹਿੰਦ ਪਾਕ ਜੰਗ ਦੌਰਾਨ ਰੇਲਵੇ ਲਾਇਨ ਦੇ ਟੁਕੜੇ ਉੱਡ ਕੇ ਆਪਣੇ ਘਰ ਦੇ ਕੋਲ ਡਿਗ ਪਏ ਸਨ ਜੋ ਕੇ ਪਾਕਿਸਤਾਨ ਦੇ ਸੁੱਟੇ ਬੰਬਾਂ ਨਾਲ ਤਬਾਹ ਹੋ ਗਈ ਸੀ ਕਿਓਂਕਿ ਸਾਡਾ ਪਹਿਲਾਂ ਵਾਲਾ ਘਰ ਬਠਿੰਡੇ ਦੀ ਰੇਲਵੇ ਲਾਇਨ ਤੋਂ ਜਿਆਦਾ ਦੂਰ ਨਹੀ ਸੀ. ਅਸਲ ਦੇ ਵਿਚ ਪਾਕਿਸਤਾਨ ਦਾ ਪੱਕਾ ਨਿਸ਼ਾਨਾ ਇਕ ਰੇਲ ਗੱਡੀ ਸੀ ਜੋ ਸ਼ਾਇਦ ਤੇਲ ਜਾਂ ਅਸਲੇ ਦੀ ਭਰੀ ਸੀ ਤੇ ਇਹ ਰੇਲ ਗੱਡੀ ਕੁਝ ਸਮਾਂ ਪਹਿਲਾਂ ਹੀ ਨਿਕਲ ਗਈ ਸੀ. ਜੰਗ ਦੇ ਦਿਨਾਂ ਦੌਰਾਨ ਕਿਵੇਂ ਲੋਕਾਂ ਨੇ ਬਹੁਤ ਹੀ ਡੂੰਘੇ ਟੋਏ ਜਾਂ ਖੂਹ ਪੁਟ ਕੇ ਰਾਤ ਨੂੰ ਇਹਨਾਂ ਦੇ ਵਿਚ ਲੁਕ ਜਾਣਾ. ਰਾਤ ਨੂੰ ਬੰਬਾਂ ਦੀ ਮਾਰ ਤੋਂ ਬਚਣ ਲਈ ਹਰ ਤਰਾਂ ਦੀ ਰੋਸ਼ਨੀ ਬੰਦ ਕਰ ਦਿੱਤੀ ਜਾਂਦੀ ਸੀ ਤੇ ਸਿਰਫ ਰੇਡੀਓ ਹੀ ਹਰ ਵਕਤ ਚਲਦਾ ਰਹਿੰਦਾ ਸੀ ਤਾਂ ਕੇ ਖਬਰਾਂ ਸੁਣ ਕੇ ਜੰਗ ਦੇ ਬੰਦ ਹੋਣ ਦਾ ਪਤਾ ਲਗ ਸਕੇ. ਪਿੰਡ ਦਾ ਨਾਮ ਯਾਦ ਨਹੀਂ ਆ ਰਿਹਾ ਜਿਸਦੇ ਬਾਰੇ ਬੇਬੇ ਨੇ ਦਸਿਆ ਸੀ ਕੇ ਲੜਾਈ ਦੀ ਰਾਤ ਨੂੰ ਬਹੁਤ ਸਾਰੇ ਬੰਬ ਡਿਗਦੇ ਰਹੇ ਸਨ ਤੇ ਇਸਦਾ ਕਾਰਣ ਸੀ ਬਲਦਾ ਸਿਵਾ. ਬੇਬੇ ਇਹ ਗਲਾਂ ਸੁਣਾ ਕੇ ਸਾਨੂੰ ਹੈਰਾਨੀ ਵਿਚ ਪਾ ਦਿੰਦੀ ਸੀ.

ਹੋਰ ਤਾਂ ਹੋਰ ਬੇਬੇ ਨੇ ਮੈਨੂੰ ਇਕ ”ਹੌਰਰ” ਹਕੀਕਤ ਵੀ ਸੁਣਾਈ ਸੀ. ਜੋ ਇਸ ਤਰਾਂ ਸੀ- ਪੁਰਾਣੇ ਸਮਿਆਂ ਦੇ ਵਿਚ ਜਦ ਅੱਜ ਦੀ ਤਰਾਂ ਆਵਾਜਾਈ ਦੇ ਸਾਧਨ ਨਹੀਂ ਸਨ, ਜਿਸ ਕਰਕੇ ਲੋਕਾਂ ਨੂੰ ਦੂਰ ਦੂਰ ਤੱਕ ਦਾ ਸਫ਼ਰ ਕਈ ਵਾਰ ਤੁਰ ਕੇ ਹੀ ਪੂਰਾ ਕਰਨਾ ਪੈਂਦਾ ਸੀ ਸੋ ਇਸੇ ਤਰਾਂ ਹੀ ਘਰ ਪਰਿਵਾਰ ਦਾ ਕੋਈ ਬੰਦਾ ਜਦ ਦੂਰ ਦਾ ਸਫ਼ਰ ਤਹਿ ਕਰਦਾ ਹੋਇਆ ਘਰ ਨੂੰ ਵਾਪਸ ਮੁੜ ਰਿਹਾ ਸੀ ਤਾਂ ਰਾਤ ਪੈ ਗਈ. ਰਾਤ ਦਾ ਨੇਹਰਾ ਤੇ ਸੁੰਨ ਸਰਾਂ- ਇਹ ਕਹਿ ਕੇ ਬੇਬੇ ਨੇ ਸਾਡੇ ਸਾਹ ਰੋਕ ਦੇਣੇ, ਮੇਰੇ ਚਾਚੇ ਦੇ ਹਥ ਵਿਚ ਲੰਬੀ ਡਾਂਗ ਫੜੀ ਹੋਈ ਸੀ ਤੇ ਤੁਰਦਾ ਤੁਰਦਾ ਓਹ ਇਕ ਖੇਤ ਦੇ ਕੋਲ ਦੀ ਲੰਘਿਆ ਤਾਂ ਉਸਨੂੰ ਇਕ ਜਨਾਨਾ ਆਵਾਜ਼ ਜੋ ਕੇ ਰੋਣ ਦੀ ਸੀ ਸੁਣਾਈ ਦਿੱਤੀ, ਧੌਣ ਘੁਮਾ ਕੇ ਚਾਚੇ ਨੇ ਖੇਤ ਵਲ ਦੇਖਿਆ ਤਾਂ ਚੰਨ ਦੇ ਚਾਨਣ ਵਿਚ ਖੇਤ ਦੀ ਵੱਟ ਤੇ ਬੈਠੀ ਇਕ ਔਰਤ ਨਜਰ ਆਈ ਜਿਸਨੇ ਇਕ ਵੱਡਾ ਸਾਰਾ ਘਗਰਾ ਪਾਇਆ ਹੋਇਆ ਸੀ ਤੇ ਨਾਲ ਹੀ ਵੱਡਾ ਸਾਰਾ ਘੁੰਡ ਕਢ ਕੇ ਸਾਰਾ ਮੂੰਹ ਢਕ ਰਖਿਆ ਸੀ. ਜੇਰਾ ਕਰਕੇ ਚਾਚਾ ਕੋਲ ਜਾ ਕੇ ਪੁਛਣ ਲੱਗਾ ਕੇ ਭਾਈ ਤੂੰ ਇਸ ਵੇਲੇ ਇਥੇ ਕੱਲੀ ਕੀ ਕਰ ਰਹੀ ਹੈ ਤੇ ਤੇਰੇ ਰੋਣ ਦਾ ਕੀ ਦੁਖ ਹੈ. ਔਰਤ ਨੇ ਕੋਈ ਜਵਾਬ ਨਾ ਦਿੱਤਾ ਤੇ ਬਸ ਰੋਈ ਜਾਵੇ. ਫੇਰ ਚਾਚੇ ਨੇ ਥੋੜਾ ਹੋਰ ਜਿਗਰਾ ਕਰਕੇ ਆਪਣੀ ਲੰਬੀ ਡਾਂਗ ਦੇ ਪਰਲੇ ਸਿਰੇ ਨਾਲ ਘੁੰਡ ਨੂੰ ਉਪਰ ਚੁੱਕ ਦਿੱਤਾ. ਘੁੰਡ ਚੱਕ ਕੇ ਚਾਚਾ ਤ੍ਰਬਕ ਗਿਆ ਕਿਓਂਕਿ ਚਾਚੇ ਨੂੰ ਕੋਈ ਇਨਸਾਨੀ ਮੂੰਹ ਨਾ ਦਿਖਾਈ ਦਿੱਤਾ ਬਸ ਸਿਰਫ ਖਾਲੀ ਕਾਲਾ ਹਨੇਰਾ, ਕਾਹਲੀ ਨਾਲ ਚਾਚਾ ਪਿਛੇ ਹੋ ਗਿਆ ਤੇ ਆਪਣੇ ਰਾਹ ਪੈ ਗਿਆ. ਫੇਰ ਚਾਚੇ ਨੂੰ ਆਪਣੇ ਪ੍ਰਛਾਵੇ ਦੇ ਨਾਲ ਨਾਲ ਇਕ ਹੋਰ ਪਰਛਾਵਾਂ ਆਪਣੇ ਨਾਲ ਤੁਰਦਾ ਦਿਸਣ ਲੱਗ ਪਿਆ. ਬੇਬੇ ਮੁਤਾਬਿਕ ਚਾਚੇ ਨੇ ਜਦ ਪਾਠ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੀਤੇ ਜਾ ਕੇ ਉਸ ਪਰਛਾਵੇਂ ਨੇ ਚਾਚੇ ਦਾ ਪਿਛਾ ਛਡਿਆ. ਚਾਚਾ ਸਹੀ ਸਲਾਮਤ ਤਾਂ ਘਰ ਆ ਗਿਆ ਪਰ ਫੇਰ ਉਸਨੇ ਕਈ ਦਿਨਾ ਤੱਕ ਮੰਜਾ ਮੱਲੀ ਰਖਣ ਵਿਚ ਕੋਈ ਕਸਰ ਨਾ ਛੱਡੀ. ਬੇਬੇ ਦੀ ਦਸੀ ਗੱਲ ਦੇ ਮੈਂ ਕਈ ਨਤੀਜੇ ਕਢਣ ਦੀ ਕੋਸ਼ਿਸ਼ ਕਰਦਾ ਹਾਂ- ਜਾਂ ਤਾਂ ਬੇਬੇ ਨੇ ਇਹ ਗੱਲ ਤਾਂ ਸੁਣਾਈ ਸੀ ਕੇ ਡਰ ਤੋਂ ਬਚਣ ਲਈ ਅਸੀਂ ਪਾਠ ਸ਼ੁਰੂ ਕਰ ਦਈਏ. ਪਰ ਗੁਰਬਾਣੀ ਦੇ ਵਿਚ drj ਗੁਰੂ ਨਾਨਕ ਦੇ ਵਾਕ ”ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ ” ਅਨੁਸਾਰ ਬਹੁਤ ਸਾਰੀਆਂ ਬੁਰੀਆਂ ਆਤਮਾਵਾਂ ਦਾ ਵੀ ਵਜੂਦ ਹੋ ਸਕਦਾ ਹੈ ਤੇ ਇਹ ਗੱਲ ਸਚੀ ਵੀ ਹੋ ਸਕਦੀ ਹੈ . ਜੋ ਗਿਆਨ ਮੈਨੂੰ ਮੇਰੀ ਪੜਾਈ ਤੋਂ ਮਿਲਿਆ ਹੈ ਉਸ ਮੁਤਾਬਿਕ ਮੇਰਾ ਖੁਦ ਦਾ ਨਜਰੀਆ ਇਕ ਇਹ ਵੀ ਹੈ ਕਿ ਸ਼ਾਇਦ ਉਸ ਬਜੁਰਗ ਨੇ ਕੁਝ ਤਾਂ ਹਕੀਕਤ ਵੇਖੀ ਹੋਵੇਗੀ ਤੇ ਕੁਝ ਉਸਦੇ ਡਰ ਨੇ ਉਸਦੇ ਮਨ ਦੇ ਵਿਚ ਭਰ ਦਿੱਤਾ ਹੋਵੇਗਾ ਤੇ ਇਸੇ ਕਰਕੇ ਹੀ ਓਹ ਸਹੀ ਸਲਾਮਤ ਘਰ ਆ ਗਿਆ ਤੇ ਡਰ ਦੇ ਕਾਰਣ ਹੀ ਕਈ ਦਿਨਾਂ ਤੱਕ ਮੰਜਾ ਮੱਲੀ ਰਖਣ ਲਈ ਮਜਬੂਰ ਹੋ ਗਿਆ

ਬੇਬੇ ਨੇ ਇਹ ਗਲ ਵੀ ਜੋਰ ਦੇ ਆਖਣੀ ਕੇ ਸਵੇਰ ਦੇ ਚਾਰ ਵਜੇ ਤੋਂ ਪਹਿਲਾਂ ਉਠ ਕੇ ਇਸ਼ਨਾਨ ਕਰਨ ਦਾ ਇਤਨਾ ਫਲ ਮਿਲਦਾ ਹੈ ਕੇ ਜਿੰਨਾ ਤੁਹਾਨੂੰ ਢਾਈ ਕਿਲੋ ਸੋਨਾ ਦਾਨ ਕਰਕੇ ਮਿਲੇਗਾ ਤੇ ਇਸਦੇ ਨਾਲ ਹੀ ਛੇ ਵਜੇ ਤੋਂ ਪਹਿਲਾਂ ਦੇ ਇਸ਼ਨਾਨ ਨੂੰ ਬੇਬੇ ਇਕ ਕਿਲੋ ਚਾਂਦੀ ਦੇ ਦਾਨ ਬਰਾਬਰ ਦਸਦੀ ਸੀ. ਇਸ ਸੁਪਨਿਆਂ ਦੀ ਨਗਰੀ ਦੀ ਗੱਲ ਵਿਚ ਭਾਵੇਂ ਬਿਲਕੁਲ ਵੀ ਸਚਾਈ ਨਾ ਹੋਵੇ, ਪਰ ਬੇਬੇ ਦਾ ਅਸਲੀ ਮਕਸਦ ਘਰ ਦੇ ਬਚਿਆਂ ਨੂੰ ਸਵੇਰੇ ਉਠ ਕੇ ਇਸ਼ਨਾਨ ਕਰਕੇ ਪ੍ਰੇਰਿਤ ਕਰਨ ਦਾ ਸੀ, ਇਸ ਰਾਜ਼ ਦੀ ਬੁਜਾਰਤ ਵੀ ਮੈਂ ਹੌਲੀ ਹੌਲੀ ਹੱਲ ਕਰ ਲਈ ਸੀ.

ਬੇਬੇ ਨੇ ਤਕਰੀਬਨ ਘਰ ਆਏ ਹਰ ਗਰੀਬ ਜਾਂ ਮੰਗਤੇ ਨੂੰ ਕੁਝ ਪੈਸੇ ਰੁਪਏ ਜਾਂ ਫਿਰ ਖਾਣ ਲਈ ਕੁਝ ਦੇ ਕੇ ਹੀ ਤੋਰਨਾ. ਸੰਗਰਾਂਦ ਵਾਲੇ ਦਿਨ gupt ਦਾਨ ਦਾ ਮਥਾ ਟੇਕ ਦੇਣਾ ਤੇ ਨਾਲ ਹੀ ਮਹੀਨੇ ਭਰ ਲਈ ਗੁਰਦਵਾਰੇ ਮਥਾ ਟੇਕਣ ਵਾਸਤੇ ਭਾਨ ਵੀ ਲੈ ਆਉਣੀ. 1995 ਵਿਚ ਜਦ ਮੈਂ ਪੜਾਈ ਲਈ ਘਰ ਛੱਡ ਕੇ ਗਿਆ ਤਾਂ ਆਪਣੇ ਸ਼ੌਂਕ ਵਜੋਂ ਇਕਠੇ ਕਿੱਤੇ ਸਿੱਕੇ ਬੇਬੇ ਨੂੰ ਦੇ ਗਿਆ. ਸਾਲ ਬਾਅਦ ਵਾਪਸ ਆਇਆ ਤਾਂ ਬੇਬੇ ਨੇ ਆਪਣੀ ਖੁਸ਼ੀ ਮੇਰੇ ਨਾਲ ਜਾਹਿਰ ਕੀਤੀ ਕੇ ਤੇਰੇ ਦਿੱਤੇ ਸਿੱਕਿਆਂ ਨਾਲ ਮੈਂ ਕਾਫੀ ਸਮੇ ਤੱਕ ਗੁਰਦਵਾਰੇ ਮਥਾ ਟੇਕਦੀ ਰਹੀ ਸੀ.

ਬੇਬੇ ਨੇ ਜਦ ਕਦੀ ਵੀ ਅਖਾਂ ਦੀ ਦਵਾਈ ਲਈ ਕਹਿਣਾ ਤਾਂ ਮੈਂ ਲਿਆ ਦੇਣੀ. ਆਪਣੇ ਅੰਤਿਮ ਸਾਲਾਂ ਦੌਰਾਨ ਬੇਬੇ ਨੇ ਰੋਟੀ ਖਾਣੀ ਘੱਟ ਕਰ ਦਿੱਤੀ ਸੀ ਜਿਸ ਕਰਕੇ ਸ਼ਰੀਰ ਦੀ ਚਮੜੀ ਬਹੁਤ ਹੀ ਖੁਸ਼ਕ ਹੋਣ ਦੀ ਵਜਾ ਕਾਰਣ ਕਈ ਵਾਰ ਮੈਂ ਕਰੀਮ ਲਾ ਦੇਣੀ, ਤੇ ਢੇਰ ਸਾਰੀਆਂ ਦੁਆਵਾਂ ਮਿਲਣ ਦਾ ਮੇਰਾ ਲਾਲਚ ਪੂਰਾ ਹੋ ਜਾਣਾ. ਵੈਸੇ ਤਾਂ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਹੋਣ ਕਾਰਣ ਕੋਈ ਨਾ ਕੋਈ ਘਰ ਆਇਆ ਹੀ ਰਹਿੰਦਾ ਸੀ ਤੇ ਬੇਬੇ ਨੂੰ ਮਿਲੇ ਬਗੈਰ ਕੋਈ ਨੀ ਮੁੜਦਾ ਸੀ. ਪਰ ਫੇਰ ਵੀ ਜਦ ਮੈਂ ਵੇਖਦਾ ਕੇ ਬੇਬੇ ਵਿਚਾਰੀ ਸਾਰਾ ਦਿਨ ਘਰ ਵਿਚ ਹੀ ਬਤੀਤ ਕਰ ਦਿੰਦੀ ਹੈ ਤਾਂ ਕਈ ਵਾਰ ਮੈਂ ਰਿਕ੍ਸ਼ਾ ਬੁਲਾ ਲੈਣਾ ਤਾਂ ਕੇ ਰਿਕ੍ਸ਼ੇ ਤੇ ਜਾਂਦਿਆਂ ਜਾਂਦਿਆਂ ਮੈਂ ਬੇਬੇ ਨਾਲ ਗੱਲਾਂ ਵੀ ਕਰ ਸਕਾਂ ਤੇ ਬੇਬੇ ਦੇ ਕਮਜੋਰ ਹੋਏ ਸ਼ਰੀਰ ਨੂੰ ਸਹਾਰਾ ਵੀ ਦੇ ਸਕਾਂ. ਬੇਬੇ ਤੇ ਮੈਂ ਦੋਵਾਂ ਨੇ ਰਿਕ੍ਸ਼ੇ ਤੇ ਕਿਲੇ ਵਾਲੇ ਗੁਰਦਵਾਰੇ ਚਲੇ ਜਾਣਾ. ਇਸ ਗੱਲ ਤੋਂ ਖੁਸ਼ ਹੋ ਕੇ ਬੇਬੇ ਨੇ ਮੈਨੂੰ ਲਖਾਂ ਅਸੀਸਾਂ ਦੇਣੀਆਂ, ਪਰ ਬੇਬੇ ਲਈ ਜੋ ਵੀ ਮੈਂ ਕਰਦਾ ਓਹ ਨਿਰਸਵਾਰਥ ਹੋ ਕੇ ਹੀ ਕਰਦਾ. ਅੱਜ ਸੋਚਦਾ ਹਾਂ ਕੇ ਬੇਬੇ ਵੀ ਤਾਂ ਮੈਨੂੰ ਛੋਟੇ ਹੁੰਦੇ ਨੂੰ ਕਿੰਨੇ ਵਾਰ ਆਪਣੇ ਨਾਲ ਲੈ ਕੇ ਜਾਂਦੀ ਹੁੰਦੀ ਸੀ ਤੇ ਉਸਨੇ ਵੀ ਓਹ ਸਾਰਾ ਕੁਝ ਬਿਨਾ ਸ੍ਵਾਰਥ ਦੇ ਹੀ ਕੀਤਾ ਸੀ. ਸੋ ਅਸੀਂ ਸਮਾਂ ਪੈਣ ਤੇ ਇਕ ਦੂਸਰੇ ਪ੍ਰਤੀ ਸਿਰਫ ਫਰਜ ਹੀ ਨਹੀਂ ਨਿਭਾਇਆ ਸੀ ਬਲਕਿ ਇਕ ਦੋਸਤਾਂ ਦੀ ਦੋਸਤੀ ਵਾਲਾ ਪਿਆਰ ਵੀ ਦਰਸਾਇਆ ਸੀ. ਆਪਣੀ ਉਮਰ ਦੇ ਅਖੀਰਲੇ ਸਾਲਾਂ ਵਿਚ ਬੇਬੇ ਦੀ ਯਾਦਦਾਸ਼ਤ ਕਮਜੋਰ ਹੋ ਗਈ ਸੀ ਪਰ ਸਾਡੇ ਕਹਿਣ ਤੇ ਬੇਬੇ ਪੁਰਾਣੀਆਂ ਸਾਖੀਆਂ ਤੇ ਕਹਾਣੀਆਂ ਸੁਣਾਉਣ ਤੋਂ ਨਾਂਹ ਨਾ ਕਰਦੀ ਤੇ ਕਹਾਣੀ ਕਹਾਣੀ ਸੁਣਾਉਂਦੇ ਸੁਣਾਉਂਦੇ ਗੱਲ ਭੁਲ ਜਾਂਦੀ ਤਾਂ ਅਸੀਂ ਹਸਦੇ ਹਸਦੇ ਬੇਬੇ ਨੂੰ ਕਹਾਣੀ ਯਾਦ ਕਰਵਾ ਦਿੰਦੇ ਤਾਂ ਬੇਬੇ ਕਦੀ ਵੀ ਇਸ ਗੱਲ ਦਾ ਗੁੱਸਾ ਨਾ ਕਰਦੀ ਬਸ ਇਹ ਜਰੂਰ ਕਹਿ ਦਿੰਦੀ ” ਪੁੱਤ ਜਿਆਦਾ ਉਮਰ ਹੋ ਜਾਣ ਕਰਕੇ ਦਿਮਾਗ ਕੰਮ ਨਹੀਂ ਕਰਦਾ ਤਾਂ ਹੀ ਭੁਲ ਜਾਂਦੀ ਹਾਂ ”

ਬੇਬੇ ਦੇ ਅਖੀਰਲੇ ਦਿਨਾਂ ਦੇ ਵਿਚ ਮੈਂ ਘਰ ਵਿਚ ਹੀ ਬੇਬੇ ਨੂੰ ਇੰਟਰਾ ਵੇਨਸ ਡੈਕ੍ਸਟ੍ਰੋਸ, ਵਿਟਾ ਮਿਨ੍ਸ ਤੇ ਮਿਨ੍ਰ੍ਲ੍ਸ ਆਦਿ ਦਿੰਦਾ ਰਿਹਾ . ਭਾਵੇਂ ਮੇਰੇ ਮਨ ਨੂੰ ਪਤਾ ਸੀ ਕੇ ਬੇਬੇ ਦੇ ਜਾਣ ਦਾ ਸਮਾਂ ਨੇੜੇ ਹੀ ਸੀ. ਇੱਕ ਮਹੀਨਾ ਪਹਿਲਾਂ ਬੇਬੇ ਨੇ ਮੈਨੂੰ ਚਾਂਦੀ ਦੇ ਸੌ ku ਸਾਲ ਪੁਰਾਣੇ ਸਿੱਕਿਆਂ ਦੇ ਨਾਲ ਨਾਲ ਕੁਝ ਚੀਜ਼ਾਂ ਹੋਰ ਦੇ ਕੇ ਕਿਹਾ ਕੇ ਇਹ ਸਾਰਾ ਕੁਝ ਤੈਨੂੰ ਤਾਂ ਦੇ ਰਹੀ ਹਾਂ ਕਿਓਂਕਿ ਮੇਰੇ ਮਰਨ ਤੋਂ ਬਾਅਦ ਕੋਈ ਹੋਰ ਹੀ ਲਈ ਜਾਵੇਗਾ. ਘਰ ਦੇ ਸਾਰਿਆਂ ਨੂੰ ਛੱਡ ਕੇ ਬੇਬੇ ਨੇ ਮੈਨੂੰ ਜੋ ਮਾਣ ਬਕਸ਼ਿਆ ਉਸਦੀ ਅੱਜ ਵੀ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ.

ਬੇਬੇ ਦੇ ਜਾਣ ਤੋਂ ਬਾਅਦ ਬਹੁਤ ਸਾਰੇ ਰੋਏ ਸਨ ਕਈ ਜਾਣੇ ਸਾਡੇ ਘਰ ਆ ਕੇ ਬੇਬੇ ਨੂੰ ਯਾਦ ਕਰਨ ਲਈ ਬੇਬੇ ਦੀਆਂ ਗਲਾਂ ਕਰਨ ਲਈ ਘਰ ਆਉਂਦੇ ਜਾਂਦੇ ਰਹੇ ਸਨ. ਮੈਂ ਇਕੱਲਾ ਹੀ ਸੀ ਜਿਸਨੇ ਅਖਾਂ ਸੁੱਕੀਆਂ ਰਖਣ ਦੀ ਮਜਾਲ ਕੀਤੀ ਸੀ ਤੇ ਬੇਬੇ ਦੇ ਸੰਸਕਾਰ ਤੋਂ ਅਗਲੇ ਦਿਨ ਹੀ ਕੰਮ ਤੇ ਜਾਣਾ ਸ਼ੁਰੂ ਕਰ ਦਿੱਤਾ ਸੀ. ਇਸ ਗੱਲ ਦਾ ਕਈਆਂ ਨੇ ਅਖਾਂ ਅਖਾਂ ਵਿਚ ਹੀ ਗੁੱਸਾ ਜਾਹਰ ਕੀਤਾ ਸੀ. ਅੱਜ ਬੇਬੇ ਆਪਣੀ 95 ਸਾਲਾਂ ਦੀ ਜਿੰਦਗੀ ਸਾਰੇ ਪਰਿਵਾਰ ਦੇ ਲੇਖੇ ਲਾ ਕੇ ੨੦੦੫ ਤੋਂ ਬਾਅਦ ਸ਼ਰੀਰਿਕ ਤੌਰ ਤੇ ਸਾਡੇ ਵਿਚ ਮੌਜੂਦ ਨਹੀਂ ਹੈ . ਪਰ ਅੱਜ ਵੀ ਜਦ ਕਈ ਮੁਸ਼ਕਿਲਾਂ ਆਪਣੇ ਆਪ ਹੀ ਸੁਲਝ ਜਾਂਦੀਆਂ ਹਨ ਤਾਂ ਮੈਂ ਮਹਿਸੂਸ ਕਰਦਾ ਹਾਂ ਕੇ ਬੇਬੇ ਅੱਜ ਵੀ ਮੇਰੇ ਨਾਲ ਨਾਲ ਹੈ ਤੇ ਪ੍ਰਮਾਤਮਾ ਅੱਗੇ ਮੇਰੇ ਲਈ ਹੁਣ ਵੀ ਅਰਦਾਸ ਕਰਦੀ ਰਹਿੰਦੀ ਹੈ. (2398)

Filed in: General, Punjabi Articles
No results

3 Responses to “ਗੱਲਾਂ ਬਾਤਾਂ ਬੇਬੇ ਦੀਆਂ”

 1. rajdevinder
  March 21, 2013 at 11:39 am #

  bhut wadiya lageya ‘bebe ji’ ware padh ke..
  par apne aap nu ajj lucky ton unlucky samjeya bcoz mainu apni ‘bebe ji’ da pyar bhut thoda mileya….

 2. Harman
  February 4, 2013 at 3:30 pm #

  Sir bahut hi vadiya lageya padh ke, akhir tak jande jande tan eh gal apne naal vi relate kardi hai te akhan chon paani niklan lagda
  Thank you so much for this lovely article

 3. January 30, 2013 at 3:53 pm #

  Bahut wadhia vichar sanjhe kite ne Gurtej sir ne. Anand aa janda ehna da likhia pad ke. Jio

Leave a Reply